ਪਾਲ ਸਿੰਘ ਨੌਲੀ
ਜਲੰਧਰ, 27 ਦਸੰਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਿੰਡ ਮਲਕੋ ਤਰਾੜ ਵਿੱਚ ਨੌਜਵਾਨਾਂ ਨੂੰ ਮੈਦਾਨ ਵਿੱਚ ਖੇਡਦਿਆਂ ਦੇਖ ਕੇ ਆਪਣਾ ਕਾਫਲਾ ਉਥੇ ਰੋਕ ਲਿਆ। ਉਹ ਗੱਡੀ ਵਿੱਚੋਂ ਉੱਤਰੇ ਤੇ ਨੌਜਵਾਨਾਂ ਨਾਲ ਖੇਡਣ ਲੱਗ ਪਏ।
ਮੁੱਖ ਮੰਤਰੀ ਪੰਜਾਬ ਕੱਲ੍ਹ ਦੇਰ ਸ਼ਾਮ ਨਕੋਦਰ ਤੋਂ ਜਲੰਧਰ ਆ ਰਹੇ ਸਨ। ਜ਼ਿਕਰਯੋਗ ਹੈ ਕਿ ਪਿੰਡ ਮਲਕੋ ਤਰਾੜ ਵਿੱਚ ਤਿਆਰ ਕੀਤੇ ਕ੍ਰਿਕਟ ਤੇ ਫੁਟਬਾਲ ਦੇ ਮੈਦਾਨਾਂ ਵਿੱਚ ਇਲਾਕੇ ਦੇ ਨੌਜਵਾਨ ਖੇਡਣ ਲਈ ਆਉਂਦੇ ਹਨ। ਇਸ ਮੌਕੇ ਮੁੱਖ ਮੰਤਰੀ ਨੇ ਫੁਟਬਾਲ ਖੇਡ ਕੇ ਆਪਣਾ ਚਾਅ ਪੂਰਾ ਕੀਤਾ ਤੇ ਨਾਲ ਹੀ ਬੱਲੇ ’ਤੇ ਵੀ ਹੱਥ ਅਜ਼ਮਾਇਆ। ਇਨ੍ਹਾਂ ਖਿਡਾਰੀਆਂ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੌਮੀ ਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿੱਚ ਖੇਡਣ ਲਈ ਬੁਨਿਆਦੀ ਢਾਂਚੇ ਦੀ ਸਖ਼ਤ ਲੋੜ ਹੈ। ਉਨ੍ਹਾਂ ਕਿਹਾ ਕਿ ਖੇਡਾਂ ਜਿਥੇ ਨੌਜਵਾਨਾਂ ਦੇ ਚੰਗੇ ਭਵਿੱਖ ਦੀ ਸਿਰਜਣਾ ਕਰਦੀਆਂ ਹਨ, ਉਥੇ ਸੂਬੇ ਤੇ ਦੇਸ਼ ਦਾ ਨਾਂ ਚਮਕਾਉਣ ਦਾ ਵੀ ਮੌਕਾ ਦਿੰਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਬਚ ਕੇ ਰਹਿਣ।