ਸੰਜੀਵ ਬੱਬੀ
ਚਮਕੌਰ ਸਾਹਿਬ, 23 ਫਰਵਰੀ
ਮੁੱਖ ਮੰਤਰੀ ਦਾ ਹਲਕਾ ਹੋਣ ਕਾਰਨ ਸਿਆਸੀ ਪੰਡਤਾਂ ਦੀ ਰੁਚੀ ਪਹਿਲਾਂ ਹੀ ਹਲਕਾ ਚਮਕੌਰ ਸਾਹਿਬ ਵਿੱਚ ਸੀ ਪਰ ਹੁਣ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਟਿੱਪਣੀ ਕਿ ਮੁੱਖ ਮੰਤਰੀ ਦੋਵੇਂ ਸੀਟਾਂ (ਚਮਕੌਰ ਸਾਹਿਬ ਤੇ ਭਦੌੜ) ਤੋਂ ਹਾਰ ਰਹੇ ਹਨ, ਤੋਂ ਬਾਅਦ ਇਹ ਸੀਟ ਹੋਰ ਵੀ ਚਰਚਾ ਵਿਚ ਆ ਗਈ ਹੈ। ਲੰਘੀ 20 ਫਰਵਰੀ ਨੂੰ ਚੋਣਾਂ ਲੜ ਰਹੇ ਉਮੀਦਵਾਰਾਂ ਦੀ ਕਿਸਮਤ ਈਵੀਐੱਮਜ਼ ਵਿੱਚ ਬੰਦ ਹੋ ਚੁੱਕੀ ਹੈ ਅਤੇ ਹੁਣ ਨਤੀਜਿਆਂ ਵਾਲੇ ਦਿਨ 10 ਮਾਰਚ ਦਾ ਸਭ ਨੂੰ ਇੰਤਜ਼ਾਰ ਹੈ। ਚਮਕੌਰ ਸਾਹਿਬ ਅਤੇ ਕਸਬਾ ਬੇਲਾ ਵਿੱਚ ਚੋਣ ਨਤੀਜਿਆਂ ਦੀ ਇੰਤਜ਼ਾਰ ਕਰ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ‘ਆਪ’ ਉਮੀਦਵਾਰ ਡਾ. ਚਰਨਜੀਤ ਸਿੰਘ ਦੇ ਸਮਰਥਕ ਆਪੋ-ਆਪਣੇ ਉਮੀਦਵਾਰਾਂ ਦੀ ਜਿੱਤ ਦੇ ਦਾਅਵੇ ਕਰਦੇ ਹੋਏ ਸ਼ਰਤਾਂ ਲਗਾ ਰਹੇ ਹਨ। ਕਈ ਸਮਰਥਕਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦਾ ਉਮੀਦਵਾਰ ਜਿੱਤਦਾ ਹੈ ਤਾਂ ਉਹ ਜਿੱਤ ਦੀ ਖੁਸ਼ੀ ਵਿੱਚ ਅਜਿਹੀ ਅਤਿਸ਼ਬਾਜ਼ੀ ਕਰਨਗੇ ਕਿ ਇਲਾਕੇ ਦੇ ਲੋਕਾਂ ਨੇ ਕਦੇ ਦੇਖੀ ਨਹੀਂ ਹੋਵੇਗੀ। ਕੁਝ ਲੋਕ ਜਿੱਤ ਦੀ ਖੁਸ਼ੀ ਵਿੱਚ ਡੀਜੇ ਬਜਾ ਕੇ ਖੁਸ਼ੀ ਮਨਾਉਣ ਦੇ ਮੂਡ ਵਿੱਚ ਹਨ। ਚੋਣ ਨਤੀਜਿਆਂ ਨੂੰ ਭਾਵੇਂ ਕਿ ਅਜੇ ਸਮਾਂ ਬਾਕੀ ਹੈ, ਪਰ ਕਾਂਗਰਸ ਅਤੇ ‘ਆਪ’ ਸਮਰਥਕ ਆਸਵੰਦ ਹਨ ਕਿ ਉਨ੍ਹਾਂ ਨੂੰ ਖੁਸ਼ੀ ਮਨਾਉਣ ਦਾ ਮੌਕਾ ਜ਼ਰੂਰ ਮਿਲੇਗਾ।
ਜ਼ਿਕਰਯੋਗ ਹੈ ਕਿ ਹਲਕਾ ਚਮਕੌਰ ਸਾਹਿਬ ਵਿੱਚ ਭਾਵੇਂ ਕਿ ਭਾਜਪਾ ਤੇ ਬਸਪਾ ਸਮੇਤ ਹੋਰਨਾਂ ਪਾਰਟੀਆਂ ਦੇ ਉਮੀਦਵਾਰ ਵੀ ਮੈਦਾਨ ਵਿੱਚ ਹਨ, ਪ੍ਰੰਤੂ ਮੁੱਖ ਮੁਕਾਬਲਾ ਕਾਂਗਰਸ ਤੇ ‘ਆਪ’ ਦੇ ਚਰਨਜੀਤ ਵਿਚਾਲੇ ਹੈ। ਸਾਲ 2017 ਵਿੱਚ ਜਿੱਤ ਕਾਂਗਰਸੀ ਉਮੀਦਵਾਰ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਸੀਬ ਹੋਈ ਸੀ, ਪਰ ਹੁਣ ‘ਆਪ’ ਉਮੀਦਵਾਰ ਵੀ ਡਾ. ਚਰਨਜੀਤ ਸਿੰਘ ਪੂਰਾ ਆਸਵੰਦ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ 10 ਮਾਰਚ ਨੂੰ ਕਿਸ ਚਰਨਜੀਤ ਸਿੰਘ ਦੇ ਸਮਰਥਕ ਖੁਸ਼ੀ ਮਨਾਉਂਦੇ ਹਨ।