ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 7 ਜੁਲਾਈ
ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲ੍ਹਣ ਲਈ ਸੰਜੀਦਾ ਨਹੀਂ ਹੈ। ਉਨ੍ਹਾਂ ਇਹ ਗੱਲ ਅੱਜ ਰਮਦਾਸ ਸਥਿਤ ਗੁਰਦੁਆਰਾ ਬਾਬਾ ਬੁੱਢਾ ਵਿਖੇ ਲੰਗਰ ਹਾਲ ਅਤੇ ਦੀਵਾਨ ਹਾਲ ਦੀ ਸ਼ੁਰੂਆਤ ਕਰਨ ਵੇਲੇ ਕਹੀ। ਬੀਬੀ ਜਗੀਰ ਕੌਰ ਨੇ ਆਖਿਆ ਕਿ ਲੱਗਦਾ ਹੈ ਕਿ ਭਾਰਤ ਸਰਕਾਰ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਸਿਰਫ਼ ਦਿਖਾਵੇ ਵਾਸਤੇ ਖੋਲ੍ਹਿਆ ਸੀ, ਜੇ ਸਰਕਾਰ ਇਸ ਸਬੰਧੀ ਸੰਜੀਦਾ ਹੁੰਦੀ ਤਾਂ ਲੰਮੇ ਸਮੇਂ ਤੋਂ ਬੰਦ ਪਿਆ ਲਾਂਘਾ ਮੁੜ ਖੋਲ੍ਹਣ ਦੀ ਪਹਿਲਕਦਮੀ ਕਰਦੀ। ਹੁਣ ਜਦੋਂ ਧਾਰਮਿਕ ਅਸਥਾਨ ਅਤੇ ਹੋਰ ਜਨਤਕ ਥਾਵਾਂ ਖੋਲ੍ਹੀਆਂ ਜਾ ਰਹੀਆਂ ਹਨ ਤਾਂ ਕਰਤਾਰਪੁਰ ਲਾਂਘੇ ਨੂੰ ਵੀ ਖੋਲ੍ਹਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿੱਖ ਸੰਗਤ ਦੀਆਂ ਭਾਵਨਾਵਾਂ ਜੁੜਿਆ ਹੋਇਆ ਹੈ ਅਤੇ ਇਸ ਸਬੰਧੀ ਸ਼੍ਰੋਮਣੀ ਕਮੇਟੀ ਭਾਰਤ ਸਰਕਾਰ ਨੂੰ ਕਈ ਵਾਰ ਪੱਤਰ ਵੀ ਲਿਖ ਚੁੱਕੀ ਹੈ ਤੇ ਇਕ ਵਾਰ ਮੁੜ ਯਾਦ ਪੱਤਰ ਭੇਜਿਆ ਜਾਵੇਗਾ।
ਬੀਬੀ ਜਗੀਰ ਕੌਰ ਨੇ ਦੋਸ਼ ਲਾਇਆ ਕਿ ਅਕਾਲੀ ਸਰਕਾਰ ਵੇਲੇ ਬਣਾਈਆਂ ਗਈਆਂ ਵਿਰਾਸਤੀ ਯਾਦਗਾਰਾਂ ਨੂੰ ਮੌਜੂਦਾ ਸਰਕਾਰ ਵੱਲੋਂ ਅਣਦੇਖਿਆ ਕੀਤਾ ਜਾ ਰਿਹਾ ਹੈ, ਜੋ ਕਿ ਨਿੰਦਣਯੋਗ ਹੈ। ਉਨ੍ਹਾਂ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਵੱਲੋਂ ਸਿੱਖ ਸਿਧਾਂਤਾਂ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਰੁੱਧ ਕੀਤੇ ਗਏ ਕੂੜ ਪ੍ਰਚਾਰ ਨੂੰ ਉਨ੍ਹਾਂ ਉਸ ਦੀ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਕਰਾਰ ਦਿੱਤਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪ੍ਰਬੰਧਕੀ ਬਲਾਕ ਦੇ ਨੀਂਹ ਪੱਥਰ ਤੋਂ ਪਰਦਾ ਵੀ ਹਟਾਇਆ। ਇਸ ਮੌਕੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ, ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ ਤੇ ਹਲਕਾ ਮੈਂਬਰ ਮਾਸਟਰ ਅਮਰੀਕ ਸਿੰਘ ਵਿਛੋਆ ਨੇ ਸੰਬੋਧਨ ਕੀਤਾ।
ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਇਸਤਰੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਇਸ ਵਿੱਚ ਹੋਰ ਮਿਹਨਤੀ ਬੀਬੀਆਂ ਨੂੰ ਸ਼ਾਮਲ ਕਰ ਦਿੱਤਾ ਹੈ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਬੀਬੀ ਸੂਰਜ ਕੌਰ ਖਿਆਲਾ ਨੂੰ ਸੀਨੀਅਰ ਮੀਤ ਪ੍ਰਧਾਨ, ਬੀਬੀ ਜਸਵਿੰਦਰ ਕੌਰ ਠੁੱਲੇਵਾਲ, ਬੀਬੀ ਪਰਮਜੀਤ ਕੌਰ ਕੱਟੂ ਅਤੇ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਨੂੰ ਇਸਤਰੀ ਅਕਾਲੀ ਦਲ ਦਾ ਮੀਤ ਪ੍ਰਧਾਨ ਅਤੇ ਬੀਬੀ ਨਛੱਤਰ ਕੌਰ ਮਾਨਸਾ ਨੂੰ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ।