ਗੁਰਨਾਮ ਸਿੰਘ ਚੌਹਾਨ
ਪਾਤੜਾਂ, 13 ਨਵੰਬਰ
ਜਲੰਧਰ ਦੇ ਪਾਦਰੀ ਐਂਥਨੀ ਦੀ ਛੇ ਕਰੋੜ ਰੁਪਏ ਤੋਂ ਵੱੱਧ ਦੀ ਰਕਮ ਖੁਰਦ-ਬੁਰਦ ਕਰਨ ਦੇ ਮਾਮਲੇ ’ਚ ਸਰਕਾਰ ਵੱਲੋਂ ਬਰਖ਼ਾਸਤ ਕੀਤੇ ਗਏ ਦੋ ਏਐੱਸਆਈ ਜੋਗਿੰਦਰ ਸਿੰਘ ਤੇ ਰਾਜਪ੍ਰੀਤ ਸਿੰਘ ਵਿਦੇਸ਼ ਉਡਾਰੀ ਮਾਰਨ ਦੀ ਤਾਕ ’ਚ ਹਨ। ਹੁਣ ਇਨ੍ਹਾਂ ਬਰਖਾਸਤ ਥਾਣੇਦਾਰਾਂ ਵੱਲੋਂ ਖ਼ੁਦ ਨੂੰ ਪਾਤੜਾਂ ਸ਼ਹਿਰ ਦੇ ਵਸਨੀਕ ਦੱਸ ਕੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਪਾਸਪੋਰਟ ਬਣਵਾਉਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਖੁਲਾਸਾ ਪਾਸਪੋਰਟ ਬਣਾਉਣ ਸਮੇਂ ਪੁਲੀਸ ਪੜਤਾਲ ਦੌਰਾਨ ਹੋਇਆ ਹੈ। ਪਾਤੜਾਂ ਪੁਲੀਸ ਨੇ ਦੋਵਾਂ ਮੁਲਜ਼ਮਾਂ ਸਣੇ ਇਨ੍ਹਾਂ ਦੇ ਗਵਾਹ ਬਣੇ ਦੋ ਹੋਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਪਾਸਪੋਰਟ ਸਾਗਰ ਬਸਤੀ ਵਾਰਡ ਨੰਬਰ 13 ਪਾਤੜਾਂ ਦੇ ਪਤੇ ’ਤੇ ਬਣਵਾਏ ਗਏ ਫਰਜ਼ੀ ਆਧਾਰ ਕਾਰਡਾਂ ਤੇ ਵੋਟਰ ਕਾਰਡਾਂ ਦੇ ਆਧਾਰ ’ਤੇ ਬਣਵਾਏ ਜਾ ਰਹੇ ਸਨ। ਜਾਣਕਾਰੀ ਅਨੁਸਾਰ ਜੋਗਿੰਦਰ ਸਿੰਘ ਨੇ ਖ਼ੁਦ ਨੂੰ ਧਰਮਪਾਲ ਸਿੰਘ ਤੇ ਰਾਜਪ੍ਰੀਤ ਸਿੰਘ ਨੇ ਖ਼ੁਦ ਨੂੰ ਰਾਜਵੀਰ ਸਿੰਘ ਦੱਸਦੇ ਹੋਏ ਧਰਮਪਾਲ ਸਿੰਘ (ਜੋਗਿੰਦਰ ਸਿੰਘ) ਨੂੰ ਆਪਣਾ ਪਿਤਾ ਦੱਸਿਆ ਸੀ। ਉਕਤ ਦਸਤਾਵੇਜ਼ਾਂ ਦੇ ਆਧਾਰ ’ਤੇ ਅਪਲਾਈ ਕੀਤੇ ਪਾਸਪੋਰਟ ਲਈ ਅਮਨਿੰਦਰ ਸਿੰਘ ਤੇ ਹਰਿੰਦਰ ਸ਼ਰਮਾ ਵਾਸੀਆਨ ਪਾਤੜਾਂ ਨੇ ਗਵਾਹੀ ਭਰੀ ਸੀ। ਪੁਲੀਸ ਸਾਂਝ ਕੇਂਦਰ ਪਾਤੜਾਂ ’ਚ ਜਦੋਂ ਇਸ ਪਾਸਪੋਰਟ ਸਬੰਧੀ ਪੜਤਾਲ ਲਈ ਕੇਸ ਆਇਆ ਤਾਂ ਇਹ ਝੂਠ ਫੜਿਆ ਗਿਆ। ਥਾਣਾ ਪਾਤੜਾਂ ਦੇ ਐੱਸਐੱਚਓ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਕੇਸ ਦਰਜ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਾਦਰੀ ਦੇ ਪੈਸੇ ਖੁਰਦ-ਬੁਰਦ ਕਰਨ ਦੇ ਮਾਮਲੇ ’ਚ ਉਕਤ ਥਾਣੇਦਾਰਾਂ ਖ਼ਿਲਾਫ਼ ਥਾਣਾ ਸਟੇਟ ਕ੍ਰਾਈਮ ਮੁਹਾਲੀ ਵਿੱਚ ਕੇਸ ਦਰਜ ਹੈ ਤੇ ਦੋਵੇਂ ਮੁਲਜ਼ਮ ਜ਼ਮਾਨਤ ’ਤੇ ਚੱਲ ਰਹੇ ਹਨ। ਦੋਵਾਂ ਨੂੰ ਸਰਕਾਰ ਵੱਲੋਂ ਪਹਿਲਾਂ ਹੀ ਬਰਖ਼ਾਸਤ ਕੀਤਾ ਹੋਇਆ ਹੈ। ਥਾਣਾ ਮੁਖੀ ਨੇ ਕਿਹਾ ਕਿ ਦੋਵਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ ਤੇ ਗ੍ਰਿਫ਼ਤਾਰੀ ਮਗਰੋਂ ਪਤਾ ਕੀਤਾ ਜਾਵੇਗਾ ਕਿ ਇਹ ਫਰਜ਼ੀ ਦਸਤਾਵੇਜ਼ ਕਿਵੇਂ ਅਤੇ ਕਿਸ ਕੋਲੋਂ ਤਿਆਰ ਕਰਵਾਏ ਗਏ ਹਨ। ਉਧਰ ਇਸ ਫਰਜ਼ੀ ਪਾਸਪੋਰਟ ਘੁਟਾਲੇ ਦਾ ਪਰਦਾਫਾਸ਼ ਕਰਨ ਲਈ ਐੱਸਐੱਸਪੀ ਹਰਚਰਨ ਸਿੰਘ ਭੁੱਲਰ ਨੇ ਪਾਤੜਾਂ ਪੁਲੀਸ ਦੀ ਪਿੱਠ ਥਾਪੜੀ ਹੈ।