ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 14 ਮਈ
ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣਾ ਫੇਜ਼-4, ਮੁਹਾਲੀ ਵਿੱਚ ਬਾਰ੍ਹਵੀਂ ਜਮਾਤ ਲਈ ਸਿੱਖਿਆ ਬੋਰਡ ਦੀਆਂ ਪਾਬੰਦੀਸ਼ੁਦਾ ਇਤਿਹਾਸ ਦੀਆਂ ਵਿਵਾਦਤ ਪੁਸਤਕਾਂ ਲਿਖਣ ਦੇ ਦੋਸ਼ ਹੇਠ ਤਿੰਨ ਲੇਖਕਾਂ ਖ਼ਿਲਾਫ਼ ਅਪਰਾਧਕ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ ਇਹ ਕਾਰਵਾਈ ਇਤਿਹਾਸ ਬਚਾਓ-ਸਿੱਖੀ ਬਚਾਓ ਮੋਰਚਾ ਤਹਿਤ ਸਿੱਖਿਆ ਬੋਰਡ ਦੇ ਬਾਹਰ ਪਿਛਲੇ 97ਵੇਂ ਦਿਨਾਂ ਤੋਂ ਲੜੀਵਾਰ ਧਰਨੇ ’ਤੇ ਬੈਠੇ ਭਾਰਤੀ ਕਿਸਾਨ ਯੂਨੀਅਨ (ਸਿਰਸਾ) ਦੇ ਪ੍ਰਧਾਨ ਅਤੇ ਸਿੱਖ ਆਗੂ ਜਥੇਦਾਰ ਬਲਦੇਵ ਸਿੰਘ ਸਿਰਸਾ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ ਪਰ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਨਿੱਜੀ ਦਖ਼ਲ ਤੋਂ ਬਾਅਦ ਹੀ ਪੁਲੀਸ ਗੂੜ੍ਹੀ ਨੀਂਦ ਤੋਂ ਜਾਗੀ ਹੈ। ਲੇਖਕਾਂ ਉੱਤੇ ਸਿੱਖ ਗੁਰੂਆਂ ਅਤੇ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਇਤਿਹਾਸ ਦੀਆਂ ਪੁਸਤਕਾਂ ਲਿਖਣ ਦਾ ਦੋਸ਼ ਹੈ। ਹਾਲਾਂਕਿ ਜਥੇਦਾਰ ਸਿਰਸਾ ਨੇ ਬੋਰਡ ਦੇ ਤਤਕਾਲੀ ਚੇਅਰਮੈਨ, ਵਾਈਸ ਚੇਅਰਮੈਨ ਸਣੇ ਪੁਸਤਕਾਂ ਲਿਖਣ ਦੀ ਪ੍ਰਵਾਨਗੀ ਦੇਣ ਬਾਰੇ ਅਧਿਕਾਰੀਆਂ ਤੇ ਪ੍ਰਿੰਟਿੰਗ ਪ੍ਰੈੱਸਾਂ ਖ਼ਿਲਾਫ਼ ਵੀ ਸ਼ਿਕਾਇਤ ਦਿੱਤੀ ਸੀ ਪਰ ਪੁਲੀਸ ਨੇ ਲੰਮੀ ਜਾਂਚ ਤੋਂ ਬਾਅਦ ਸਿਰਫ਼ ਤਿੰਨ ਲੇਖਕਾਂ ਮਨਜੀਤ ਸਿੰਘ ਸੋਢੀ, ਮਹਿੰਦਰਪਾਲ ਕੌਰ ਅਤੇ ਐੱਮਐੱਸ ਮਾਨ ਵਿਰੁੱਧ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਸਿੱਖ ਆਗੂ ਜਥੇਦਾਰ ਬਲਦੇਵ ਸਿੰਘ ਸਿਰਸਾ ਨੇ ਮੰਗ ਕੀਤੀ ਹੈ ਕਿ ਸਿਰਫ਼ ਲੇਖਕਾਂ ਵਿਰੁੱਧ ਕੇਸ ਦਰਜ ਕਰਨ ਨਾਲ ਗੱਲ ਨਹੀਂ ਬਣਦੀ ਕਿਤਾਬਾਂ ਛਾਪਣ ਅਤੇ ਇਸ ਦੀ ਪ੍ਰਵਾਨਗੀ ਦੇਣ ਵਾਲੇ ਬੋਰਡ ਦੇ ਤਤਕਾਲੀ ਅਧਿਕਾਰੀਆਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਰੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਨਹੀਂ ਕੀਤਾ ਜਾਂਦਾ, ਉਦੋਂ ਤੱਕ ਲੜੀਵਾਰ ਸ਼ਾਂਤਮਈ ਧਰਨਾ ਜਾਰੀ ਰਹੇਗਾ। 16 ਮਈ ਨੂੰ ਸਿੱਖਿਆ ਬੋਰਡ ਦੇ ਸਾਰੇ ਗੇਟਾਂ ਦੀ ਤਾਲਾਬੰਦੀ ਸਬੰਧੀ ਜਥੇਦਾਰ ਸਿਰਸਾ ਨੇ ਕਿਹਾ ਕਿ ਇਸ ਸਬੰਧੀ ਜਲਦੀ ਹੀ ਹੰਗਾਮੀ ਮੀਟਿੰਗ ਸੱਦ ਕੇ ਅਗਲੇ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ।