ਜਗਮੋਹਨ ਸਿੰਘ
ਰੂਪਨਗਰ, 3 ਅਕਤੂਬਰ
ਥਾਣਾ ਸਿੰਘ ਭਗਵੰਤਪੁਰ ਪੁਲੀਸ ਵੱਲੋਂ ਪਿੰਡ ਬੱਲਮਗੜ੍ਹ ਮੰਦਵਾੜਾ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੰਜ ਮਹੀਨੇ ਪਹਿਲਾਂ ਵਾਪਰੀ ਘਟਨਾ ਅਧੀਨ ਪਿੰਡ ਦੇ ਸਰਪੰਚ ਅਤੇ ‘ਆਪ’ ਆਗੂਆਂ ਸਮੇਤ 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਵੱਲੋਂ ਇਹ ਕਾਰਵਾਈ ਪੀੜਤ ਅਧਿਆਪਕਾ ਵੱਲੋਂ ਕੌਮੀ ਮਹਿਲਾ ਕਮਿਸ਼ਨ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕਰਨ ਤੋਂ ਬਾਅਦ ਕੀਤੀ ਗਈ ਹੈ। ਥਾਣਾ ਸਿੰਘ ਭਗਵੰਤਪੁਰ ਦੇ ਤਫਤੀਸ਼ੀ ਅਧਿਕਾਰੀ ਏਐੱਸਆਈ ਹਰਬੰਸ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਮੰਦਵਾੜਾ ਦੀ ਈਟੀਟੀ ਅਧਿਆਪਕਾ ਸੋਨੀਆ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਨੇ 15 ਮਾਰਚ ਨੂੰ ਇੱਕ ਤਿਹਾਈ ਛੁੱਟੀ ਲਈ ਹੋਈ ਸੀ, ਪਰ ਇਸ ਦੇ ਬਾਵਜੂਦ ਉਹ 8 ਵੱਜ ਕੇ 50 ਮਿੰਟ ’ਤੇ ਸਕੂਲ ਆ ਗਈ ਸੀ। ਜਦੋਂ ਉਹ ਸਕੂਲ ਪਹੁੰਚੀ ਤਾਂ ‘ਆਪ’ ਆਗੂ ਕ੍ਰਿਸ਼ਨ ਕੁਮਾਰ ਉਰਫ ਪੱਪੂ, ਲਖਮੀਰ ਸਿੰਘ, ਬਿਕਰਮ ਸਿੰਘ ਤੇ ਸਰਪੰਚ ਜਸਵੰਤ ਸਿੰਘ, ਮੁੱਖ ਅਧਿਆਪਕ ਰਮਨ ਮਿੱਤਲ ਦਾ ਰਾਹ ਰੋਕ ਕੇ ਉਨ੍ਹਾਂ ਨਾਲ ਬਹਿਸਬਾਜ਼ੀ ਕਰ ਰਹੇ ਸਨ। ਉਹ ਦੇਰ ਨਾਲ ਆਉਣ ਦਾ ਕਾਰਨ ਦੱਸ ਕੇ ਸਕੂਲ ਅੰਦਰ ਚਲੀ ਗਈ। ਇਸੇ ਦੌਰਾਨ ਮੁਲਜ਼ਮਾਂ ਨੇ ਸਕੂਲ ਦੇ ਅੰਦਰ ਆ ਕੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਦੂਜੇ ਦਿਨ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ। ਤਫਤੀਸ਼ੀ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।