ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 7 ਮਾਰਚ
ਵੋਟਰਾਂ ਦਾ ਰੁਖ਼ ਸਪਸ਼ਟ ਨਾ ਹੋਣ ਅਤੇ ਮੁਕਾਬਲਾ ਬਹੁਕੋਣਾ ਹੋਣ ਕਰਕੇ ਇਸ ਵਾਰ ਜਿੱਤ-ਹਾਰ ਵਿੱਚ ਵੋਟਾਂ ਦਾ ਫਰਕ ਬਹੁਤ ਘੱਟ ਰਹਿਣ ਦੀ ਸੰਭਾਵਨਾ ਹੈ। ਇਸ ਲਈ ਬਹੁਤੇ ਉਮੀਦਵਾਰ ਗਿਣਤੀ ਦਾ ਰੁਖ ਵੇਖ ਕੇ ਹੀ ਘਰੋਂ ਨਿਕਲਣਗੇ। ਕਿਸੇ ਉਮੀਦਵਾਰ ਨੇ ਅਜੇ ਤੱਕ ਜਸ਼ਨ ਮਨਾਉਣ ਦੀ ਗੱਲ ਨਹੀਂ ਸਵੀਕਾਰੀ ਤੇ ਨਾ ਹੀ ਢੋਲ-ਢਮੱਕੇ ਦਾ ਪ੍ਰਬੰਧ ਕੀਤਾ ਹੈ। ਲੰਬੀ ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਗਿਣਤੀ ਸਮੇਂ ਆਪਣੇ ਘਰ ਹੀ ਰਹਿਣਗੇ। ਲੰਬੀ ਹਲਕੇ ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਉਹ ਪੂਰੇ ਚਾਅ ਨਾਲ ਗਿਣਤੀ ਕੇਂਦਰ ’ਚ ਜਾਣਗੇ। ਮੁਕਤਸਰ ਤੋਂ ‘ਆਪ’ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੇ ਦੱਸਿਆ ਕਿ ਉਹ ਆਮ ਵਾਂਗ ਤਿਆਰ ਹੋ ਕੇ ਗਿਣਤੀ ਕੇਂਦਰ ਜਾਣਗੇ ਤੇ ਜੋ ਨਤੀਜਾ ਆਵੇਗਾ ਉਸ ਨੂੰ ਪ੍ਰਵਾਨ ਕਰਨਗੇ। ਮੁਕਤਸਰ ਤੋਂ ਕਾਂਗਰਸ ਦੀ ਉਮੀਦਵਾਰ ਕਰਨ ਕੌਰ ਬਰਾੜ ਵੱਲੋਂ ਗਿਣਤੀ ਕੇਂਦਰ ਵਿੱਚ ਉਨ੍ਹਾਂ ਦੇ ਪੁੱਤਰ ਕਰਨ ਬਰਾੜ, ਹਰਸਿਮਰਨ ਸਿੰਘ ਬਰਾੜ ਤੇ ਕਰਨਵੀਰ ਸਿੰਘ ਬਰਾੜ ਜਾਣਗੇ। ਕਰਨ ਕੌਰ ਬਰਾੜ ਖੁਦ ਹਵਾ ਦਾ ਰੁਖ ਵੇਖ ਕੇ ਆਪਣੀ ਰਿਹਾਇਸ਼ ਸਰਾਏਨਾਗਾ ਤੋਂ ਗਿਣਤੀ ਕੇਂਦਰ ਵਿੱਚ ਆਉਣਗੇ। ਹਲਕਾ ਮਲੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਜੀਤ ਕੌਰ ਨੇ ਦੱਸਿਆ ਕਿ ਉਹ ਨਤੀਜਾ ਸਪਸ਼ਟ ਹੋਣ ਤੋਂ ਬਾਅਦ ਹੀ ਗਿਣਤੀ ਕੇਂਦਰ ’ਚ ਜਾਣਗੇ, ਉਸ ਤੋਂ ਪਹਿਲਾਂ ਉਹ ਆਪਣੇ ਮੁੱਖ ਦਫਤਰ ਵਿੱਚ ਰਹਿਣਗੇ। ਆਪ ਦੇ ਜਥੇਬੰਦਕ ਸਕੱਤਰ ਵਰਿੰਦਰ ਢੋਸੀਵਾਲ ਨੇ ਦੱਸਿਆ ਕਿ ਉਹ ਭਲਕੇ ਮਲੋਟ ਵਿਚ ਜਾ ਕੇ ਤਿਆਰੀਆਂ ਦਾ ਜਾਇਜ਼ਾ ਲੈਣਗੇ।