ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਮਈ
ਪਿਛਲੇ ਸਮੇਂ ਦੌਰਾਨ ਪਟਵਾਰੀ ਦੀ ਅਸਾਮੀ 4ਲਈ ਪੇਪਰ ਪਾਸ ਕਰਕੇ ਨਿਯੁਕਤੀ ਪੱਤਰ ਦੀ ਰਾਹ ਦੇਖ ਰਹੇ ਨੌਜਵਾਨਾਂ ਨੇ ਅੱਜ ਚੰਡੀਗੜ੍ਹ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਪਟਵਾਰੀ ਦੀ ਅਸਾਮੀ ਲਈ ਪੇਪਰ ਪਾਸ ਕਰਨ ਵਾਲੇ ਸੂਬੇ ਦੇ 1090 ਨੌਜਵਾਨਾਂ ਦੀ ਭਰਤੀ ਸਬੰਧੀ ਸਾਰੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਪਰ ਹਾਲੇ ਤੱਕ ਉਨ੍ਹਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ।
ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਨੌਜਵਾਨਾਂ ਨੂੰ ਭਰੋਸਾ ਦਿੱਤਾ ਕਿ 28 ਮਈ ਨੂੰ ਪੇਪਰ ਪਾਸ ਕਰਨ ਵਾਲੇ 1090 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਜਾਣਗੇ। ਮੁਲਾਕਾਤ ਲਈ ਪੁੱਜੇ ਜੋਗਿੰਦਰ ਸਿੰਘ, ਅਮਰਜੀਤ ਸਿੰਘ, ਗੁਰਵਿੰਦਰ ਸਿੰਘ, ਸਾਹਿਲ ਨਾਭਾ, ਗੁਰਪ੍ਰੀਤ ਸਿੰਘ ਔਲਖ ਅਤੇ ਭੁਪਿੰਦਰ ਸਿੰਘ ਨੇ ਦੱਸਿਆ ਕਿ ਨਵੇਂ ਭਰਤੀ ਹੋਣ ਵਾਲੇ ਪਟਵਾਰੀਆਂ ਨੂੰ 18 ਮਹੀਨੇ ਦੀ ਸਿਖਲਾਈ ਲੈਣੀ ਪੈਂਦੀ ਹੈ, ਜਿਸ ਦੌਰਾਨ ਸਿਰਫ 5000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਾਂਗਰਸ ਸਰਕਾਰ ਨੇ ਸਿਖਲਾਈ ਦਾ ਸਮਾਂ ਇਕ ਸਾਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਸੀ ਪਰ ਇਸ ਸਬੰਧੀ ਕੋਈ ਨੋਟੀਫੀਕੇਸ਼ਨ ਜਾਰੀ ਨਹੀਂ ਕੀਤਾ ਸੀ। ਨੌਜਵਾਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨਵੇਂ ਪਟਵਾਰੀਆਂ ਦੀ ਡੇਢ ਸਾਲ ਦੀ ਸਿਖਲਾਈ ਦੀ ਥਾਂ ਇਕ ਸਾਲ ਸਿਖਲਾਈ ਦਾ ਨੋਟੀਫੀਕੇਸ਼ਨ ਜਲਦੀ ਜਾਰੀ ਕੀਤਾ ਜਾਵੇ ਅਤੇ ਇਸ ਦੌਰਾਨ ਉਨ੍ਹਾਂ ਨੂੰ ਬੇਸਿਕ ਤਨਖਾਹ ਦਿੱਤੀ ਜਾਵੇ ਤਾਂ ਜੋ ਉਹ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਵਿੱਚ ਹਿੱਸਾ ਪਾ ਸਕਣ।