ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਅਕਤੂਬਰ
ਪੰਜਾਬੀ ਅਧਿਐਨ ਸਕੂਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਡਿਪਾਰਟਮੈਂਟ ਆਫ਼ ਇੰਗਲਿਸ਼ ਤੇ ਕਲਚਰਲ ਸਟੱਡੀਜ਼ ਦੇ ਸਹਿਯੋਗ ਨਾਲ ਯੂਨੀਵਰਸਿਟੀ ਕੈਂਪਸ ਵਿੱਚ ਕਵੀ ਸੁਰਜੀਤ ਜੱਜ ਦੀ ਕਾਵਿ ਪੁਸਤਕ ‘ਕਿਸਾਨ ਕੂਚ’ ਅਤੇ ਸ਼ਾਇਰ ਕੁਲਵਿੰਦਰ ਦੀ ਨਵ ਪ੍ਰਕਾਸ਼ਤ ਪੁਸਤਕ ‘ਸ਼ਾਮ ਦੀ ਸ਼ਾਖ਼ ’ਤੇ’ ਲੋਕ ਅਪਰਣ ਕੀਤੀ ਗਈ। ਸਮਾਗਮ ਵਿੱਚ ਸੁਰਜੀਤ ਜੱਜ ਦੀ ਪੁਸਤਕ ‘ਕਿਸਾਨ ਕੂਚ’ ਉੱਤੇ ਵਿਚਾਰ ਚਰਚਾ ਕਰਦਿਆਂ ਪ੍ਰੋ. ਯੋਗ ਰਾਜ ਅਤੇ ਡਾ. ਪਰਮਜੀਤ ਸਿੰਘ ਨੇ ਪੁਸਤਕ ਵਿਚਲੀਆਂ ਕਵਿਤਾਵਾਂ ਨੂੰ ਲੋਕਧਾਰਕ ਰੂਪ ਵਾਲਾ ਅਹਿਮ ਇਤਿਹਾਸਕ ਦਸਤਾਵੇਜ਼ ਕਿਹਾ। ਡਾ. ਪਰਮਜੀਤ ਸਿੰਘ ਨੇ ਕਿਹਾ ਕਿ ਇਹ ਕਵਿਤਾ ਕਿਸਾਨੀ ਸੰਕਟ ਅੰਦਰ ਚੱਲਦੀ ਸਿਆਸਤ ਨੂੰ ਬੇਪਰਦ ਕਰਨ ਵਾਲੀ ਕਵਿਤਾ ਹੈ। ਡਾ. ਲਖਵਿੰਦਰ ਜੌਹਲ ਨੇ ਕਿਹਾ ਕਿ ਸੁਰਜੀਤ ਜੱਜ ਦੀ ਕਵਿਤਾ ਸਿੱਧੇ ਸੰਬੋਧਨ ਦੀ ਕਵਿਤਾ ਹੈ।
ਸੈਮੀਨਾਰ ਦੇ ਦੂਜੇ ਸੈਸ਼ਨ ਵਿੱਚ ਸ਼ਾਇਰ ਕੁਲਵਿੰਦਰ ਦੀ ਨਵ ਪ੍ਰਕਾਸ਼ਿਤ ਪੁਸਤਕ ‘ਸ਼ਾਮ ਦੀ ਸ਼ਾਖ਼ ’ਤੇ’ ਬਾਰੇ ਡਾ. ਜਤਿੰਦਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਫ਼ਿਕਰ ਦੀ ਕਵਿਤਾ ਹੈ। ਦੋਵਾਂ ਸੈਸ਼ਨਾਂ ਦੀ ਪ੍ਰਧਾਨਗੀ ਕਰਦੇ ਪ੍ਰੋ. ਸੁਖਦੇਵ ਸਿੰਘ ਸਿਰਸਾ ਨੇ ‘ਕਿਸਾਨ ਕੂਚ’ ਅਤੇ ‘ਸ਼ਾਮ ਦੀ ਸ਼ਾਖ਼’ ਉੱਤੇ ਕਵਿਤਾ ਸਬੰਧੀ ਟਿੱਪਣੀਆਂ ਕੀਤੀਆਂ। ਡਾ. ਸਿਰਸਾ ਨੇ ਕਿਹਾ ਕਿ ‘ਕਿਸਾਨ ਕੂਚ’ ਸੱਭਿਆਚਾਰਕ ਪੁੱਠ ਵਾਲੀ ਗੰਭੀਰ ਕਵਿਤਾ ਹੈ, ਜਿਨ੍ਹਾਂ ਰਾਹੀ ਕਿਸਾਨ ਅੰਦੋਲਨ ਦੀਆਂ ਘਟਨਾਵਾਂ ਨੂੰ ਬਾਰੀਕੀ ਨਾਲ ਢਾਲਿਆ ਗਿਆ ਹੈ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਵਿਭਾਗ ਦੇ ਚੇਅਰਪਰਸਨ ਪ੍ਰੋ. ਸਰਬਜੀਤ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਸਮਾਗਮ ਦੇ ਅੰਤ ਵਿੱਚ ਡਾ. ਅਕਵਿੰਦਰ ਕੌਰ ਤਨਵੀ ਨੇ ਹਾਜ਼ਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਡਾ. ਪਵਨ ਕੁਮਾਰ ਨੇ ਸਟੇਜ ਦੀ ਕਾਰਵਾਈ ਚਲਾਈ।