ਅਜੈ ਮਲਹੋਤਰਾ/ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 16 ਜਨਵਰੀ
ਭਾਜਪਾ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲੋਕ ਸੇਵਾ ਦੇ ਮੁੱਦੇ ’ਤੇ ਲੜੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਕੇਂਦਰੀ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਅੱਜ ਇਥੇ ਸਰਹਿੰਦ ਵਿੱਚ ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ ਦੇ ਗ੍ਰਹਿ ਵਿਖੇ ਡੇਢ ਦਰਜਨ ਦੇ ਕਰੀਬ ਅਕਾਲੀ ਵਰਕਰਾਂ ਅਤੇ ਆਗੂਆਂ ਨੂੰ ਭਾਜਪਾ ਵਿੱਚ ਸ਼ਾਮਲ ਕਰਦਿਆਂ ਕੀਤਾ। ਵਿਰੋਧੀ ਪਾਰਟੀਆਂ ’ਤੇ ਪੰਜਾਬ ਵਿਰੋਧੀ ਹੋਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਨੂੰ ਝੂਠੇ ਵਾਅਦੇ ਕਰਨ ਵਾਲੀ ਨਹੀਂ ਸਗੋਂ ਪੱਕੇ ਇਰਾਦੇ ਕਰਕੇ ਵਿਕਾਸ ਕਰਨ ਵਾਲੀ ਸਰਕਾਰ ਚਾਹੀਦੀ ਹੈ, ਜੋ ਸਿਰਫ਼ ਭਾਜਪਾ ਹੀ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਭਾਜਪਾ ਪੰਜਾਬ ਵਿੱਚ ਸੱਤਾ ਵਿੱਚ ਨਹੀਂ ਪਰ ਪੰਜਾਬ ਦੇ ਹਿਤਾਂ ਲਈ ਕੇਂਦਰ ਸਰਕਾਰ ਨੇ ਕਈ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਤਾਂ ਕੇਂਦਰ ਵੱਲੋਂ ਦਿੱਤੀਆਂ ਗਰਾਂਟਾਂ ਦੀ ਵੀ ਸਹੀ ਵਰਤੋਂ ਨਹੀਂ ਕੀਤੀ।
ਪੰਜਾਬ ਵਿੱਚ ਨਸ਼ਿਆਂ ਦੇ ਰੁਝਾਨ ’ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ’ਤੇ ਵੀ ਸਿਰਫ਼ ਭਾਜਪਾ ਹੀ ਕਾਬੂ ਪਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਅਗਲੇ ਕੁਝ ਦਿਨਾਂ ਵਿੱਚ ਹੀ ਭਾਜਪਾ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਇਤਿਹਾਸਕ ਸਥਾਨਾਂ ਤੋਂ ਇਲਾਵਾ ਫ਼ਤਹਿਗੜ੍ਹ ਸਾਹਿਬ ਦੇ ਵਿਕਾਸ ਲਈ ਵੀ ਕੇਂਦਰ ਸਰਕਾਰ ਵੱਲੋਂ ਵੱਡੀ ਗਰਾਂਟ ਜਾਰੀ ਕੀਤੀ ਹੈ। ਇਸ ਮੌਕੇ ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ, ਜ਼ਿਲ੍ਹਾ ਭਾਜਪਾ ਪ੍ਰਧਾਨ ਪ੍ਰਦੀਪ ਗਰਗ ਤੇ ਸਾਬਕਾ ਮੰਤਰੀ ਪੰਜਾਬ ਡਾ. ਹਰੰਬਸ ਲਾਲ ਨੇ ਮੀਨਾਕਸ਼ੀ ਲੇਖੀ ਨੂੰ ਸਿਰੋਪਾਓ ਤੇ ਸ੍ਰੀ ਸਾਹਿਬ ਭੇਟ ਕਰਕੇ ਸਨਮਾਨਿਆ। ਇਸ ਤੋਂ ਪਹਿਲਾਂ ਕੇਂਦਰੀ ਰਾਜ ਮੰਤਰੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿੱਚ ਨਤਮਸਤਕ ਹੋਈ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਰਾਸ਼ਟਰੀ ਬਾਲਮੀਕ ਸਭਾ ਦਾ ਚੇਅਰਮੈਨ ਕੁਲਦੀਪ ਸਿੰਘ ਸਹੋਤਾ, ਦਿਲਪ੍ਰੀਤ ਸਿੰਘ ਭੱਟੀ, ਰੋਹਿਤ ਪਾਠਕ, ਸਾਬਕਾ ਕੌਂਸਲਰ ਸੰਜੇ ਮੜਕਣ, ਬਲਵੀਰ ਸਿੰਘ, ਪਰਿੰਵਦਰ ਦਿਉਲ, ਕਰਨ ਸਹਿਦੇਵ, ਅਸ਼ੋਕ ਧੀਮਾਨ, ਵਿਸ਼ਾਲ ਗੋਇਲ, ਅਮਿਤ ਸੂਰੀ, ਦੀਪਕ ਇੰਦਰ ਤੇ ਹੋਰ ਆਗੂ ਭਾਜਪਾ ਵਿੱਚ ਸ਼ਾਮਲ ਹੋਏ।