ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 11 ਫਰਵਰੀ
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਭਵਾਨੀਗੜ੍ਹ ਮੰਡਲ ਪ੍ਰਧਾਨ ਵਿਜੈ ਕੁਮਾਰ ਸਿੰਗਲਾ ਅਤੇ ਮੰਡਲ ਸਕੱਤਰ ਰਜਿੰਦਰ ਗੋਇਲ ਕਾਂਗਰਸ ਵੱਲੋਂ ਵਿਜੈ ਇੰਦਰ ਸਿੰਗਲਾ ਦੇ ਯਤਨਾਂ ਸਦਕਾ ਕਰਵਾਏ ਗਏ ਵਿਕਾਸ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋ ਗਏ। ਨਵੇਂ ਸ਼ਾਮਲ ਹੋਏ ਆਗੂਆਂ ਤੇ ਵਰਕਰਾਂ ਨੂੰ ਪਾਰਟੀ ਵਿੱਚ ਜੀ ਆਇਆਂ ਆਖਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਤੇ ਵਰਕਰਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਖੇਤੀ ਕਾਨੂੰਨ ਲਿਆ ਕੇ ਕਿਸਾਨਾਂ ਨਾਲ ਹੀ ਨਹੀਂ, ਸਗੋਂ ਮਜ਼ਦੂਰਾਂ, ਆੜ੍ਹਤੀਆਂ, ਛੋਟੇ ਦੁਕਾਨਦਾਰਾਂ ਤੇ ਵਪਾਰੀਆਂ ਨਾਲ ਵੀ ਧ੍ਰੋਹ ਕਮਾਇਆ ਹੈ। ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਵਾਰਡਾਂ ਤੋਂ ਕਾਂਗਰਸੀ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਤਾਂ ਜੋ ਨਗਰ ਕੌਂਸਲ ਦੀ ਕਮਾਨ ਸੰਭਾਲ ਕੇ ਇਹ ਪੜ੍ਹੇ ਲਿਖੇ ਨੌਜਵਾਨ ਉਮੀਦਵਾਰ ਆਪਣੇ ਵਾਰਡਾਂ ਵਿੱਚ ਰਹਿੰਦੀਆਂ ਕਮੀਆਂ ਨੂੰ ਵੀ ਪੂਰਾ ਕਰਵਾ ਸਕਣ।
ਭਾਜਪਾ ਵੱਲੋਂ 8 ਬਾਗ਼ੀ ਉਮੀਦਵਾਰ ਬਰਖ਼ਾਸਤ
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਭਾਰਤੀ ਜਨਤਾ ਪਾਰਟੀ ਤੋਂ ਬਾਗ਼ੀ ਹੋ ਕੇ ਨਗਰ ਨਿਗਮ ਚੋਣਾਂ ਲੜਨ ਵਾਲੇ 8 ਉਮੀਦਵਾਰਾਂ ਨੂੰ ਪਾਰਟੀ ਵਿੱਚੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਭਾਜਪਾ ਪ੍ਰਧਾਨ ਨਿਪੁੰਨ ਸ਼ਰਮਾ ਨੇ ਦੱਸਿਆ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਵਾਰਡ ਨੰਬਰ-2 ਤੋਂ ਸੁਖਬੀਰ ਸਿੰਘ, ਵਾਰਡ ਨੰਬਰ 9 ਤੋਂ ਗੁਰਦੇਵ ਕੌਰ, ਵਾਰਡ 15 ਤੋਂ ਤਬੱਸੁਮ ਖਾਤਮ ਅਤੇ ਮਮਤਾ ਕੁਮਾਰੀ, 30 ਤੋਂ ਅਸ਼ਵਨੀ ਕੁਮਾਰ, 34 ਤੋਂ ਸੰਜੀਵ ਦੂਆ, ਵਾਰਡ ਨੰਬਰ 38 ਤੋਂ ਸੁਹਾਸ ਰਾਜਨ ਅਤੇ ਵਾਰਡ ਨੰਬਰ 40 ਤੋਂ ਅਜੇ ਜੈਨ ਨੂੰ ਭਾਜਪਾ ’ਚੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ।