ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 24 ਨਵੰਬਰ
ਕਸਬਾ ਭਗਤਾ ਭਾਈ ਵਿੱਚ ਡੇਰਾ ਸਿਰਸਾ ਦੇ ਸਮਰਥਕ ਮਨੋਹਰ ਲਾਲ (53) ਦੇ ਕਰੀਬ ਇੱਕ ਸਾਲ ਪਹਿਲਾਂ ਹੋਏ ਕਤਲ ਸਬੰਧੀ ਮਾਮਲੇ ਦੀ ਜਾਂਚ ਲਈ ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਇੱਕ ਟੀਮ ਅੱਜ ਇਥੇ ਪਹੁੰਚੀ। ਪ੍ਰਾਪਤ ਜਾਣਕਾਰੀ ਅਨੁਸਾਰ ਜਾਂਚ ਟੀਮ ਨੇ ਮਨੋਹਰ ਲਾਲ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਵਾਰਦਾਤ ਵਾਲੀ ਥਾਂ ਦਾ ਜਾਇਜ਼ਾ ਲਿਆ। ਇਹ ਵੀ ਪਤਾ ਲੱਗਿਆ ਹੈ ਕਿ ਜਾਂਚ ਟੀਮ ਨੇ ਆਪਣੇ ਨਾਲ ਲਿਆਂਦੇ ਮੁਲਜ਼ਮਾਂ ਤੋਂ ਕਰਾਈਮ ਸੀਨ ਦੁਹਰਾਇਆ ਅਤੇ ਇਸ ਦੀ ਬਾਕਾਇਦਾ ਵੀਡੀਓਗ੍ਰਾਫੀ ਕਰਨ ਦੀ ਸੂਚਨਾ ਵੀ ਹੈ। ਇਥੇ ਗੌਰਤਲਬ ਹੈ ਕਿ ਡੇਰਾ ਪ੍ਰੇਮੀ ਮਨੋਹਰ ਲਾਲ ਦੀ ਸਥਾਨਕ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਜਤਿੰਦਰਾ ਟੈਲੀਕਾਮ ਨਾਂ ਦੀ ਮੋਬਾਈਲਾਂ ਦੀ ਦੁਕਾਨ ਸੀ, ਜਿੱਥੋਂ ਉਹ ਵੈਸਟਰਨ ਯੂਨੀਅਨ ਮਨੀ ਟਰਾਂਸਫਰ ਦਾ ਕੰਮ ਵੀ ਕਰਦਾ ਸੀ। ਪਿਛਲੇ ਸਾਲ 20 ਨਵੰਬਰ, 2020 ਨੂੰ ਮਨੋਹਰ ਲਾਲ ਜਦੋਂ ਦੁਕਾਨ ਵਿੱਚ ਬੈਠਾ ਸੀ ਤਾਂ ਬਾਅਦ ਦੁਪਹਿਰ ਕੁਝ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ। ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਸੁੱਖਾ ਲੰਮੇ ਗਰੁੱਪ ਨੇ ਲੈਂਦਿਆਂ ਕਤਲ ਦਾ ਕਾਰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੱਸਿਆ ਸੀ। ਗੌਰਤਲਬ ਹੈ ਕਿ ਇਸ ਸਬੰਧੀ ਪੁਲੀਸ ਨੇ ਲਵਪ੍ਰੀਤ ਸਿੰਘ ਰਵੀ, ਰਾਮ ਸਿੰਘ ਸੋਨੂੰ ਤੇ ਕਮਲਜੀਤ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ।