ਖੇਤਰੀ ਪ੍ਰਤੀਨਿਧ
ਐਸਏਐਸ ਨਗਰ(ਮੁਹਾਲੀ), 13 ਦਸੰਬਰ
ਪੰਚਾਇਤ ਅਫ਼ਸਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਢਿੱਲੋਂ ਨੇ ਬੀਡੀਪੀਓ ਐਸੋਸੀਏਸ਼ਨ ਵੱਲੋਂ ਪੰਚਾਇਤ ਅਫ਼ਸਰਾਂ ਦੀ ਤਰੱਕੀ ਦੇ ਕੀਤੇ ਜਾ ਰਹੇ ਵਿਰੋਧ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਹਰ ਕਰਮਚਾਰੀ ਦੀ ਤਰੱਕੀ ਉਸ ਦਾ ਮੌਲਿਕ ਅਧਿਕਾਰ ਹੈ ਤੇ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਦਾ ਵਿਰੋਧ ਨਹੀਂ ਕਰਨਾ ਚਾਹੀਦਾ। ਇੱਕ ਬਿਆਨ ਵਿੱਚ ਸ੍ਰੀ ਢਿੱਲੋਂ ਨੇ ਆਖਿਆ ਕਿ ਪੰਚਾਇਤ ਅਫ਼ਸਰਾਂ ਦਾ ਕੋਈ ਤਰੱਕੀ ਚੈਨਲ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਰਜਸਾਧਕ ਅਫ਼ਸਰ ਦੀ ਅਸਾਮੀ ਪੰਚਾਇਤ ਸਮਿਤੀਆਂ ਦੀ ਹੈ ਤੇ ਇਸ ’ਤੇ ਨਿਯੁਕਤੀਆਂ ਵੀ ਪੰਚਾਇਤ ਸਮਿਤੀ ’ਚੋਂ ਹੀ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਮੁੱਖ ਮੰਤਰੀ ਤੇ ਪੰਚਾਇਤ ਮੰਤਰੀ ਨੂੰ ਈਓ ਪੰਚਾਇਤ ਸਮਿਤੀ ਦੀ ਆਸਾਮੀ ’ਤੇ ਪੰਚਾਇਤ ਅਫ਼ਸਰਾਂ ਦੀ ਨਿਯੁਕਤੀ ਸਬੰਧੀ ਤੁਰੰਤ ਨੋਟੀਫ਼ਿਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ ਹੈ।