ਬਲਵਿੰਦਰ ਰੈਤ
ਨੂਰਪੁਰ ਬੇਦੀ, 9 ਮਾਰਚ
ਪੁਲੀਸ ਥਾਣਾ ਨੂਰਪੁਰ ਬੇਦੀ ਅਧੀਨ ਆਉਂਦੀ ਕਲਵਾਂ ਮੌੜ ਪੁਲੀਸ ਚੌਕੀ ਵਿੱਚ ਬੰਬ ਧਮਾਕਾ ਕਰਕੇ ਚੌਕੀ ਦੀ ਇਮਾਰਤ ਉਡਾਉਣ ਦੀ ਕੋਸ਼ਿਸ਼ ਕੀਤੀ ਗਈ। ਧਮਾਕੇ ਕਾਰਨ ਚੌਕੀ ਦੀ ਇਮਾਰਤ ਦੀ ਇੱਕ ਕੰਧ ਨੂੰ ਨੁਕਸਾਨ ਪਹੁੰਚਿਆ ਹੈ। ਧਮਾਕੇ ਦਾ ਪਤਾ ਅੱਜ ਸਵੇਰੇ 12 ਵਜੇ ਪਤਾ ਲੱਗਾ ਜਦਕਿ ਜਾਣਕਾਰੀ ਮੁਤਾਬਕ ਇਹ ਘਟਨਾ ਰਾਤ ਸਾਢੇ ਗਿਆਰਾਂ ਵਜੇ ਵਾਪਰੀ ਸੀ। ਇਹ ਵੀ ਪਤਾ ਲੱਗਾ ਕਿ ਧਮਾਕੇ ਸਮੇਂ ਚੌਕੀ ਵਿੱਚ ਪੁਲੀਸ ਮੁਲਾਜ਼ਮ ਹਾਜ਼ਰ ਸਨ ਪਰ ਉਹ ਬਾਹਰ ਨਹੀਂ ਆਏ।
ਪੁਲੀਸ ਚੌਕੀ ਦੇ ਮੁਲਾਜ਼ਮਾਂ ਨੂੰ ਅੱਜ ਸਵੇਰੇ ਜਦੋਂ ਇਹ ਦੱਸਿਆ ਗਿਆ ਕਿ ਚੌਕੀ ਦੀ ਇਮਾਰਤ ਕੋਲ ਬੰਬ ਧਮਾਕਾ ਹੋਇਆ ਹੈ ਤਾਂ ਉਹ ਹਰਕਤ ਵਿੱਚ ਆਏ ਅਤੇ ਉਨ੍ਹਾਂ ਸੀਨੀਅਰ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕੀਤਾ। ਰੂਪਨਗਰ ਦੇ ਐੱਸਐੱਸਪੀ ਵਿਵੇਕ ਸੋਨੀ ਘਟਨਾ ਵਾਲੀ ਥਾਂ ’ਤੇ ਪਹੁੰਚੇ ਅਤੇ ਜਾਂਚ ’ਚ ਜੁਟ ਗਏ। ਚੰਡੀਗੜ੍ਹ ਤੋਂ ਫੋਰੈਂਸਿਕ ਟੀਮਾਂ ਵੀ ਮੰਗਵਾਈਆਂ ਗਈਆਂ ਹਨ, ਜੋ ਬੰਬ ਧਮਾਕੇ ਵਾਲੀ ਥਾਂ ਦੀ ਜਾਂਚ ਕਰ ਰਹੀਆਂ ਹਨ। ਦੇਰ ਸ਼ਾਮ ਤੱਕ ਪੁਲੀਸ ਅਧਿਕਾਰੀ ਸੁਰਾਗ ਲਗਾਉਣ ਵਿੱਚ ਅਸਫ਼ਲ ਸਨ। ਦੱਸਣਯੋਗ ਹੈ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਲਾਗਲੇ ਪਿੰਡਾਂ ’ਚ ਵੀ ਇਸ ਦੀ ਆਵਾਜ਼ ਸੁਣਾਈ ਦਿੱਤੀ। ਕਲਵਾਂ ਪਿੰਡ ਵਿੱਚ ਰਹਿੰਦੇ ਵਿਅਕਤੀਆਂ ਨੇ ਦੱਸਿਆ ਕਿ ਰਾਤ ਜਦੋਂ ਧਮਾਕਾ ਹੋਇਆ ਤਾਂ ਉਨ੍ਹਾਂ ਦੇ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਹਿੱਲ ਗਏ ਸਨ।
ਨੂਰਪੁਰ ਬੇਦੀ ਦੇ ਐੱਸਐੱਚਓ ਬਿਕਰਮਜੀਤ ਸਿੰਘ ਨੇ ਪੁਸ਼ਟੀ ਕੀਤੀ ਕਿ ਕਲਵਾਂ ਮੌੜ ਪੁਲੀਸ ਚੌਕੀ ਦੀ ਇਮਾਰਤ ਕੋਲ ਮੰਗਲਵਾਰ ਰਾਤ ਬੰਬ ਧਮਾਕਾ ਹੋਇਆ ਹੈ ਪਰ ਪੁਲੀਸ ਚੌਕੀ ਵਾਲੇ ਸਮਝਦੇ ਰਹੇ ਕਿ ਧਮਾਕਾ ਕਿਸੇ ਟਿੱਪਰ ਦੇ ਟਾਇਰ ਫੱਟਣ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਟੀਮਾਂ ਜਾਂਚ ਕਰ ਰਹੀਆਂ ਹਨ ਅਤੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ।
ਇਲਾਕੇ ਵਿੱਚ ਦੂਜੀ ਵਾਰ ਹੋਇਆ ਧਮਾਕਾ
ਕਲਵਾਂ ਮੌੜ ਪੁਲੀਸ ਚੌਕੀ ਨੂੰ ਉਡਾਉਣ ਦੀ ਨੀਅਤ ਨਾਲ ਬੰਬ ਧਮਾਕਾ ਕਰਨ ਦੀ ਇਸ ਇਲਾਕੇ ਵਿੱਚ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾ ਪਿੰਡ ਧਮਾਣਾ ਵਿੱਚ ਸਥਿਤ ਡੇਰਾ ਭਨਿਆਰਾਵਾਲੇ ਦੇ ਮੁਖੀ ਪਿਆਰਾ ਸਿੰਘ ਨੂੰ ਮਾਰਨ ਲਈ ਇੱਕ ਧਮਾਕਾ ਉਨ੍ਹਾਂ ਦੇ ਡੇਰੇ ਵਿੱਚ ਕੀਤਾ ਗਿਆ ਸੀ, ਜਿਸ ਵਿੱਚ ਉਹ ਵਾਲ-ਵਾਲ ਬਚ ਗਿਆ ਸੀ। ਡੇਰੇ ’ਚ ਹੋਏ ਧਮਾਕੇ ਦੀ ਜ਼ਿੰਮੇਵਾਰੀ ਜਗਤਾਰ ਸਿੰਘ ਹਵਾਰਾ ਨੇ ਲਈ ਸੀ ਪਰ ਚੌਕੀ ’ਚ ਹੋਏ ਧਮਾਕੇ ਦੀ ਜ਼ਿੰਮੇਵਾਰੀ ਹਾਲੇ ਤੱਕ ਕਿਸੇ ਜਥੇਬੰਦੀ ਨੇ ਨਹੀਂ ਲਈ ਹੈ।