ਮਨੋਜ ਸ਼ਰਮਾ
ਬਠਿੰਡਾ, 20 ਅਗਸਤ
ਪੰਜਾਬ ਵਿਚ ਨਰਮੇ ਦੀ ਖੇਤੀ ਕਰਨ ਵਾਲੇ ਵੱਡੀ ਗਿਣਤੀ ਕਿਸਾਨ ਸੰਕਟ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਇਹ ਸੰਕਟ ਗਲਤ ਬੀਜ ਵਰਤਣ ਕਾਰਨ ਪੈਦਾ ਹੋਇਆ ਹੈ ਜਿਸ ਦੀ ਖੇਤੀਬਾੜੀ ਵਿਭਾਗ ਨੇ ਪੁਸ਼ਟੀ ਕਰ ਦਿੱਤੀ ਹੈ।
ਪੰਜਾਬ ਵਿਚ ਮਾਲਵਾ ਦੇ ਕਈ ਜ਼ਿਲ੍ਹਿਆਂ ਵਿਚ ਨਰਮਾ ਬੀਜਣ ਵਾਲੇ ਕਿਸਾਨਾਂ ਦੇ ਖੇਤਾਂ ਵਿਚ ਚਿੱਟੀ ਮੱਖੀ ਨੇ ਹਮਲਾ ਕਰ ਦਿੱਤਾ ਹੈ ਤੇ ਫਸਲ ਪ੍ਰਭਾਵਿਤ ਹੋਣ ਕਾਰਨ ਕਿਸਾਨ ਖੇਤਾਂ ਨੂੰ ਵਾਹ ਰਹੇ ਹਨ। ਕਿਸਾਨਾਂ ਨੇ ਗੁਲਾਬੀ ਸੁੰਡੀ ’ਤੇ ਕਾਬੂ ਪਾਉਣ ਅਤੇ ਵਧੇਰੇ ਝਾੜ ਦੇਣ ਲੈਣ ਲਈ ਗੁਜਰਾਤ ਦੀ ਕੰਪਨੀ ਤੋਂ ਬੀਜ ਖਰੀਦਿਆ ਸੀ। ਬਠਿੰਡਾ ਖੇਤੀਬਾੜੀ ਵਿਭਾਗ ਦੇ ਮੁਖੀ ਡਾ. ਦਿਲਬਾਗ ਸਿੰਘ ਦਾ ਕਹਿਣਾ ਹੈ ਕਿ ਵਾਇਰਸ ਦਾ ਹਮਲਾ ਉਨ੍ਹਾਂ ਖੇਤਾਂ ਵਿਚ ਜ਼ਿਆਦਾ ਹੋਇਆ ਹੈ ਜਿਨ੍ਹਾਂ ਨੇ ਗੁਜਰਾਤੀ ਬੀਜ ਵਰਤਿਆ ਸੀ। ਉਨ੍ਹਾਂ ਮੰਨਿਆ ਕਿ ਬਠਿੰਡਾ ਵਿੱਚ 15 ਤੋਂ 20 ਫੀਸਦੀ ਕਿਸਾਨਾਂ ਦੇ ਖੇਤਾਂ ਵਿੱਚ ਵਾਇਰਸ ਮਿਲਿਆ ਹੈ। ਇਹ ਵਾਇਰਸ ਚਿੱਟੀ ਮੱਖੀ ਰਾਹੀਂ ਅੱਗੇ ਫੈਲ ਰਿਹਾ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਖੇੜੀ ਚਹਿਲਾਂ ਵਾਲੀ ਦੇ ਵਸਨੀਕ ਜਗਦੇਵ ਸਿੰਘ ਅਨੁਸਾਰ ਗੁਜਰਾਤੀ ਕੰਪਨੀ ਦੇ ਬੀਜ ਨੂੰ ਜ਼ਿਆਦਾ ਰੇਟ ’ਤੇ ਇਹ ਕਹਿ ਕੇ ਵੇਚਿਆ ਗਿਆ ਸੀ ਕਿ ਇਹ ਬੀਜ ਫਸਲਾਂ ਨੂੰ ਗੁਲਾਬੀ ਸੁੰਡੀ ਤੋਂ ਬਚਾਏਗਾ। ਬਠਿੰਡਾ ਜ਼ਿਲ੍ਹੇ ਦੇ ਪਿੰਡ ਗਿਆਨਾ ਦੇ ਕਿਸਾਨ ਹਰਜਿੰਦਰ ਸਿੰਘ ਨੇ ਅੱਠ ਏਕੜ ਵਿਚ ਗੁਜਰਾਤੀ ਬੀਜ ਨਾਲ ਫਸਲ ਬੀਜੀ ਸੀ। ਉਸ ਨੇ ਦੱਸਿਆ ਕਿ ਇਨ੍ਹਾਂ ਬੀਜਾਂ ਦਾ ਨਾ ਤਾਂ ਵਿਕਾਸ ਹੁੰਦਾ ਹੈ ਅਤੇ ਨਾ ਹੀ ਫੁੱਲ ਆ ਰਹੇ ਹਨ। ਇਹ ਬੀਜ ਕਿਸਾਨਾਂ ਨੂੰ ਤਬਾਹ ਕਰ ਗਏ ਹਨ। ਪੀੜਤ ਕਿਸਾਨਾਂ ਦੀ ਹਾਲਤ ਇਹ ਹੈ ਕਿ ਉਹ ਇਸ ਦੀ ਕਿਸੇ ਕੋਲ ਸ਼ਿਕਾਇਤ ਵੀ ਦਰਜ ਨਹੀਂ ਕਰਵਾ ਸਕਦੇ ਕਿਉਂਕਿ ਅਜਿਹੇ ਬੀਜਾਂ ਦੀ ਖਰੀਦ ਕਿਸੇ ਵੀ ਬੀਮਾ ਦਾਅਵੇ ਅਤੇ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮੁਆਵਜ਼ੇ ਤਹਿਤ ਕਵਰ ਨਹੀਂ ਹੁੰਦੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਅਨੁਸਾਰ ਬੀਟੀ-4 ਅਤੇ ਬੀਟੀ-5 ਬੀਜਾਂ ਦੇ 5 ਲੱਖ ਪੈਕੇਟਾਂ ਦੀ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਅਨੁਮਾਨਿਤ ਵਿਕਰੀ ਹੋਈ ਹੈ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿਚ ਦਖਲ ਦਿੰਦਿਆਂ ਕਾਰਵਾਈ ਕਰਨੀ ਚਾਹੀਦੀ ਹੈ। ਉਧਰ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਜਨਰਲ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਖੇਤੀਬਾੜੀ ਮਹਿਕਮਾ ਗ਼ੈਰ ਮਿਆਰੀ ਬੀਜਾਂ ਦੀ ਵਿਕਰੀ ਤੇ ਰੋਕਥਾਮ ਵਿਚ ਨਾਕਾਮ ਰਿਹਾ ਹੈ।