ਪਾਲ ਸਿੰਘ ਨੌਲੀ
ਜਲੰਧਰ, 4 ਜੂਨ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੈਂਗਸਟਰਾਂ ਵੱਲੋਂ ਦਿਨ-ਦਿਹਾੜੇ ਕੀਤੀ ਗਈ ਹੱਤਿਆ ਮਗਰੋਂ ਪੈਦਾ ਹੋਈ ਦਹਿਸ਼ਤ ਕਾਰਨ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਅਤੇ ਰਾਜਸੀ ਆਗੂਆਂ ਨੇ ਬੁਲੇਟ ਪਰੂਫ ਗੱਡੀਆਂ ਬਣਵਾਉਣ ਦੇ ਆਰਡਰ ਦਿੱਤੇ ਹਨ। ਜਲੰਧਰ ਵਿੱਚ ਬੁਲੇਟ ਪਰੂਫ ਗੱਡੀਆਂ ਬਣਾਉਣ ਵਾਲੀ ਕੰਪਨੀ ਕੋਲ ਪਿਛਲੇ ਚਾਰ ਦਿਨਾਂ ਵਿੱਚ 150 ਤੋਂ ਵੱਧ ਕਲਾਕਾਰਾਂ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਆਪਣੀ ਗੱਡੀਆਂ ਨੂੰ ਬੁਲੇਟ ਪਰੂਫ ਕਰਾਉਣ ਲਈ ਸਲਾਹ ਮਸ਼ਵਰਾ ਕੀਤਾ ਹੈ। ਜਲੰਧਰ ਦੀ ਬੁਲੇਟ ਪਰੂਫ ਗੱਡੀਆਂ ਤਿਆਰ ਕਰਨ ਵਾਲੀ ਕੰਪਨੀ ਪੂਰੇ ਦੇਸ਼ ’ਚ ਮਸ਼ਹੂਰ ਹੈ।
ਜਾਣਕਾਰੀ ਅਨੁਸਾਰ ਬੁਲੇਟ ਪਰੂਫ ਗੱਡੀਆਂ ਬਣਵਾਉਣ ਲਈ ਸੰਪਰਕ ਕਰਨ ਵਾਲਿਆਂ ਵਿੱਚ ਪੰਜਾਬ, ਦਿੱਲੀ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਸਮੇਤ ਹੋਰ ਸੂਬਿਆਂ ਦੇ ਕਲਾਕਾਰ, ਰਾਜਸੀ ਆਗੂ ਅਤੇ ਉਦਯੋਗਪਤੀ ਸ਼ਾਮਲ ਹਨ। ਕੰਪਨੀ ਨਾਲ ਸੰਪਰਕ ਕਰਨ ਵਾਲਿਆਂ ਵਿੱਚ ਸਭ ਤੋਂ ਵੱਧ ਰਾਜਸਥਾਨ ਦੇ ਲੋਕ ਸ਼ਾਮਲ ਹਨ, ਜਿਨ੍ਹਾਂ ਦੀ ਗਿਣਤੀ 37 ਦੱਸੀ ਜਾ ਰਹੀ ਹੈ, ਜਦਕਿ ਹਰਿਆਣੇ ਦੇ 30 ਜਣਿਆਂ ਨੇ ਸੰਪਰਕ ਕੀਤਾ ਹੈ। ਉੱਤਰ ਪ੍ਰਦੇਸ਼ ਦੇ 19 ਜਣਿਆਂ ਨੇ ਬੁਲੇਟ ਪਰੂਫ ਗੱਡੀਆਂ ਬਣਾਉਣ ਲਈ ਸੰਪਰਕ ਕੀਤਾ ਹੈ। ਪੂਨੇ ਤੇ ਮੁੰਬਈ ਤੋਂ 13, ਦਿੱਲੀ ਤੋਂ 24 ਜਣੇ ਅਤੇ ਬਾਕੀ ਸ਼ਖ਼ਸੀਅਤਾਂ ਤੇ ਕਲਾਕਾਰ ਪੰਜਾਬ ਨਾਲ ਸਬੰਧਤ ਦੱਸੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਦੇਸ਼ ਭਰ ਵਿੱਚ ਪੰਜਾਬ ਅਤੇ ਮੁੰਬਈ ’ਚ ਸਿਰਫ ਚਾਰ ਕੰਪਨੀਆਂ ਹੀ ਬੁਲੇਟ ਪਰੂਫ ਗੱਡੀਆਂ ਤਿਆਰ ਕਰਦੀਆਂ ਹਨ। ਪੰਜਾਬ ਵਿੱਚ ਜਲੰਧਰ ਅਤੇ ਮੁਹਾਲੀ ਵਿੱਚ ਬੁਲੇਟ ਪਰੂਫ ਗੱਡੀਆਂ ਤਿਆਰ ਕਰਨ ਦੀ ਇੰਡਸਟਰੀ ਹੈ। ਉੱਤਰੀ ਭਾਰਤ ਵਿੱਚ ਸਭ ਤੋਂ ਪਹਿਲਾਂ 1989 ਵਿੱਚ ਲਗਰ ਇੰਡਸਟਰੀ ਨੇ ਬੁਲੇਟ ਪਰੂਫ ਗੱਡੀਆਂ ਤਿਆਰ ਕਰਨ ਦੀ ਸ਼ੁਰੂਆਤ ਕੀਤੀ ਸੀ। ਉਸ ਤੋਂ ਬਾਅਦ 2006 ਵਿੱਚ ਟਾਟਾ ਮੋਟਰਜ਼ ਮੁਹਾਲੀ ਅਤੇ ਮੁੰਬਈ ਵਿੱਚ ਬੁਲੇਟ ਪਰੂਫ ਗੱਡੀਆਂ ਤਿਆਰ ਕਰਨ ਲੱਗੀ। ਇਹ ਗੱਡੀਆਂ ਤਿਆਰ ਕਰਨ ਤੋਂ ਪਹਿਲਾਂ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਾਂ ਸਬ ਡਿਵੀਜ਼ਨਲ ਮੈਜਿਸਟਰੇਟ ਕੋਲੋਂ ਪ੍ਰਵਾਨਗੀ ਲੈਣੀ ਪੈਂਦੀ ਹੈ। ਬੁਲੇਟ ਪਰੂਫ ਗੱਡੀ ਬਣਾਉਣ ਦੇ ਬੇਨਤੀ ਪੱਤਰ ਨੂੰ ਪੁਲੀਸ ਕਮਿਸ਼ਨਰ ਜਾਂ ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਘੋਖਿਆ-ਪਰਖਿਆ ਜਾਂਦਾ ਹੈ ਤੇ ਮੁੜ ਇਸ ਦੀ ਪ੍ਰਵਾਨਗੀ ਗ੍ਰਹਿ ਵਿਭਾਗ ਦਿੰਦਾ ਹੈ।
ਸ਼ੀਸ਼ੇ ਅਤੇ ਦਰਵਾਜ਼ੇ ਬੁਲੇਟ ਪਰੂਫ ਕਰਵਾਉਣ ਨਾਲ ਗੱਡੀ ਦਾ ਤਿੰਨ ਕੁਇੰਟਲ ਭਾਰ ਵਧ ਜਾਂਦਾ ਹੈ। ਪੂਰੀ ਗੱਡੀ ਬੁਲੇਟ ਪਰੂਫ ਕਰਵਾਉਣ ਨਾਲ 10 ਕੁਇੰਟਲ ਭਾਰ ਵਧ ਜਾਂਦਾ ਹੈ ਅਤੇ ਐਵਰੇਜ ਵੀ ਅੱਧੀ ਰਹਿ ਜਾਂਦੀ ਹੈ। ਗੱਡੀ ਦਾ ਅਗਲਾ ਤੇ ਪਿਛਲਾ ਸ਼ੀਸ਼ਾ ਬੁਲੇਟ ਪਰੂਫ ਕਰਵਾਉਣ ’ਤੇ 8 ਤੋਂ 12 ਲੱਖ ਰੁਪਏ ਖਰਚ ਆਉਂਦਾ ਹੈ। ਸਾਰੇ ਸ਼ੀਸ਼ੇ ਤੇ ਸਾਰੇ ਦਰਵਾਜ਼ੇ ਬੁਲੇਟ ਪਰੂਫ ਕਰਾਉਣ ਲਈ 18 ਤੋਂ 22 ਲੱਖ ਰੁਪਏ ਖਰਚ ਆਉਂਦਾ ਹੈ। ਸਾਰੀ ਗੱਡੀ ਬੁਲੇਟ ਪਰੂਫ ਕਰਾਉਣ ਲਈ 40 ਤੋਂ 45 ਲੱਖ ਰੁਪਏ ਦਾ ਖਰਚ ਆਉਂਦਾ ਹੈ।
ਗੈਂਗਸਟਰਾਂ ਕੋਲ ਵੀ ਬੁਲੇਟ ਪਰੂਫ ਗੱਡੀਆਂ
ਕੁਝ ਗੈਂਗਸਟਰਾਂ ਵੱਲੋਂ ਵੀ ਬੁਲੇਟ ਪਰੂਫ ਗੱਡੀਆਂ ਵਰਤਣ ਦੇ ਮਾਮਲੇ ਸਾਹਮਣੇ ਆਏ ਸਨ। ਇਹ ਖੁਲਾਸਾ 2003-2004 ਵਿੱਚ ਹੋਇਆ ਸੀ, ਜਦੋਂ ਉੱਤਰ ਪ੍ਰਦੇਸ਼ ਦੇ ਜੋਨਪੁਰ ਦੇ ਗੈਂਗਸਟਰ ਮੁੰਨਾ ਬਜਰੰਗੀ ਨੂੰ ਕਿਸੇ ਨੇ ਬੁਲੇਟ ਪਰੂਫ ਕਾਰ ਉਪਲੱਬਧ ਕਰਵਾਈ ਸੀ ਤਾਂ ਸੁਰੱਖਿਆ ਏਜੰਸੀਆਂ ਨੇ ਇਸ ਦੀ ਜਾਂਚ ਕੀਤੀ ਸੀ।