ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 23 ਅਪਰੈਲ
ਪਿੰਡ ਮਾਲਚੱਕ ਦੇ ਆੜ੍ਹਤੀਏ ਬਲਦੇਵ ਸਿੰਘ ਨੇ ਕੋਲਡ ਸਟੋਰ ਦੇ ਮਾਲਕ ਵੱਲੋਂ ਪੈਸੇ ਨਾ ਮੋੜੇ ਜਾਣ ਕਾਰਨ ਜ਼ਹਿਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਸਟੋਰ ਮਾਲਕ ਸਣੇ ਚਾਰ ਜਣਿਆਂ ਖ਼ਿਲਾਫ਼ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਦਿੱਤੇ ਬਿਆਨ ਵਿੱਚ ਬਲਦੇਵ ਸਿੰਘ ਦੇ ਪੁੱਤਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਨੇ 2019 ਤੋਂ 2022 ਦੌਰਾਨ ਅਜੈਪਾਲ ਸਿੰਘ ਦੇ ਕੋਲਡ ਸਟੋਰ ਵਿੱਚ 5100 ਬੋਰੀ ਝੋਨਾ ਰਖਵਾਇਆ ਸੀ, ਜਿਸ ਦੀ ਅੰਦਾਜ਼ਨ ਕੀਮਤ 26 ਲੱਖ ਰੁਪਏ ਦੇ ਕਰੀਬ ਬਣਦੀ ਹੈ। ਅਜੇਪਾਲ ਸਿੰਘ ਤੇ ਕੁਲਬੀਰ ਸਿੰਘ ਨੇ ਇਹ ਝੋਨਾ ਵੇਚ ਦਿੱਤਾ, ਪਰ ਹਾਲੇ ਉਸ ਦੇ ਪਿਤਾ ਨੂੰ ਪੈਸੇ ਨਹੀਂ ਦਿੱਤੇ। ਬੀਤੀ ਰਾਤ ਲੈਣਦਾਰ ਦਿਲਮੇਗ ਸਿੰਘ ਤੇ ਉਸ ਦਾ ਪਿਤਾ ਨਰਿੰਦਰ ਸਿੰਘ ਪੈਸੇ ਲੈਣ ਆਏ, ਪਰ ਪੈਸੇ ਨਾ ਮੋੜ ਸਕਣ ’ਤੇ ਉਨ੍ਹਾਂ ਬਲਦੇਵ ਸਿੰਘ ਨੂੰ ਬੇਇੱਜ਼ਤ ਕੀਤਾ। ਇਸ ਬੇਇੱਜ਼ਤੀ ਨੂੰ ਨਾ ਸਹਾਰਦੇ ਹੋਏ ਬਲਦੇਵ ਸਿੰਘ ਨੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ।