ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 30 ਅਪਰੈਲ
ਅਮਰੀਕਾ ਦੇ ਸੂਬੇ ਕਨੈਕਟੀਕਟ ਨੇ 29 ਅਪਰੈਲ ਨੂੰ ਸਿੱਖ ਨਸਲਕੁਸ਼ੀ ਯਾਦਗਾਰੀ ਦਿਵਸ ਵਜੋਂ ਮਾਨਤਾ ਦਿੱਤੀ ਹੈ। ਸੂਬੇ ਦੀ ਜਨਰਲ ਅਸੈਂਬਲੀ ਵਿੱਚ ਦਿੱਤੀ ਗਈ ਮਾਨਤਾ ਬਾਰੇ ਇਕ ਪੱਤਰ ਸੈਨੇਟਰ ਕੈਥੀ ਓਸਟਨ ਨੇ ਜਾਰੀ ਕੀਤਾ ਹੈ, ਜਿਸ ਦੀ ਹੋਰ ਸੈਨੇਟਰਾਂ ਵੱਲੋਂ ਵੀ ਹਮਾਇਤ ਕੀਤੀ ਗਈ ਹੈ। ‘ਵਰਲਡ ਸਿੱਖ ਪਾਰਲੀਮੈਂਟ’ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਦੱਸਿਆ ਕਿ ਇਹ ਸਿੱਖ ਭਾਈਚਾਰੇ ਲਈ ਇਕ ਵੱਡੀ ਪ੍ਰਾਪਤੀ ਹੈ। ਇਸ ਸਬੰਧੀ ਨਾਰਵਿਚ ਸਿਟੀ ਹਾਲ ਦੇ ਬਾਹਰ ਪੱਤਰ ਪੜ੍ਹਿਆ ਗਿਆ ਹੈ, ਜਿਥੇ ਮੇਅਰ ਪੀਟਰ ਨਿਸਟਰੋਮ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਸਿਟੀ ਨਾਰਵਿਚ ਨੇ ਵੀ 29 ਅਪਰੈਲ ਨੂੰ ‘ਖਾਲਿਸਤਾਨ ਐਲਾਨਨਾਮਾ’ ਦੇ ਦਿਨ ਵਜੋਂ ਮਾਨਤਾ ਦਿੱਤੀ ਹੈ। ਵਰਲਡ ਸਿੱਖ ਪਾਰਲੀਮੈਂਟ ਦੇ ਬੁਲਾਰੇ ਡਾ. ਅਮਰਜੀਤ ਸਿੰਘ ਨੇ ਇਸ ਦਿਨ ਦੇ ਇਤਿਹਾਸ ਬਾਰੇ ਦੱਸਿਆ। ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਵੀ ਪੜ੍ਹ ਕੇ ਸੁਣਾਇਆ ਗਿਆ।