ਬੈਤੂਲ (ਮੱਧ ਪ੍ਰਦੇਸ਼), 8 ਮਈ
ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ’ਚ ਚੋਣ ਕਰਮਚਾਰੀਆਂ ਅਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮ) ਨੂੰ ਲੈ ਕੇ ਜਾ ਰਹੀ ਬੱਸ ‘ਚ ਅੱਗ ਲੱਗ ਗਈ, ਜਿਸ ਕਾਰਨ ਕਈ ਈਵੀਐੱਮ ਨੂੰ ਨੁਕਸਾਨ ਪੁੱਜਿਆ। ਇਸ ਘਟਨਾ ਵਿੱਚ ਕਿਸੇ ਮੁਲਾਜ਼ਮ ਜਾਂ ਬੱਸ ਡਰਾਈਵਰ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਇਹ ਘਟਨਾ ਮੰਗਲਵਾਰ ਰਾਤ ਕਰੀਬ 11 ਵਜੇ ਜ਼ਿਲ੍ਹੇ ਦੇ ਗੋਲਾ ਪਿੰਡ ਨੇੜੇ ਵਾਪਰੀ। ਬੱਸ ‘ਚ ਸਪਾਰਕਿੰਗ ਹੋਣ ਕਾਰਨ ਅੱਗ ਲੱਗ ਗਈ। ਅੱਗ ਲੱਗਣ ਕਾਰਨ ਚਾਰ ਪੋਲਿੰਗ ਸਟੇਸ਼ਨਾਂ ਦੀਆਂ ਈਵੀਐਮ ਸੜ ਗਈਆਂ। ਅੱਗ ਬੁਝਾਊ ਅਮਲੇ ਨੇ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਪੂਰੀ ਬੱਸ ਸੜ ਚੁੱਕੀ ਸੀ। ਘਟਨਾ ਸਮੇਂ ਚੋਣ ਡਿਊਟੀ ’ਤੇ ਤਾਇਨਾਤ 6 ਪਾਰਟੀਆਂ ਸਨ ਤੇ ਇੰਨੀਆਂ ਹੀ ਈਵੀਐੱਮ ਸਨ, ਜਿਨ੍ਹਾਂ ’ਚੋਂ ਚਾਰ ਨੂੰ ਨੁਕਸਾਨ ਪੁੱਜਿਆ।