ਨਿੱਜੀ ਪੱਤਰ ਪ੍ਰੇਰਕ
ਬਟਾਲਾ, 7 ਮਈ
ਸੀਪੀਆਈਐੱਮ-ਐੱਲ ਲਿਬਰੇਸ਼ਨ ਨੇ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਉਪਰ ਕਾਂਗਰਸ ਦੇ ਉਮੀਦਵਾਰਾਂ ਦੀ ਸਰਗਰਮ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਹੈ। ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਇੱਥੇ ਦੱਸਿਆ ਕਿ ਪਾਰਟੀ ਦੇ ਸੂਬਾਈ ਆਗੂਆਂ ਦੀ ਮੀਟਿੰਗ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ, ਉਂਜ ਵੀ ਲਿਬਰੇਸ਼ਨ ਇੰਡੀਆ ਗੱਠਜੋੜ ਦਾ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ ਆਮ ਚੋਣਾਂ ਨਹੀਂ ,ਸਗੋਂ ਇਹ ਚੋਣਾਂ ਫਾਸ਼ੀਵਾਦ ਬਨਾਮ ਲੋਕਤੰਤਰ ਵਿਚਕਾਰ ਹੋ ਰਹੀਆਂ ਹਨ ਉਨ੍ਹਾਂ ਦੱਸਿਆ ਕਿ ਕਾਂਗਰਸ ਦੀ ਹਮਾਇਤ ਕਰਨ ਸਬੰਧੀ ਫੈਸਲਾ ਰਾਜਵਿੰਦਰ ਰਾਣਾ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਭਾਵੇਂ ਇੰਡੀਆ ਗੱਠਜੋੜ ਵਿੱਚ ਪੰਜਾਬ ਦੀਆਂ ਦੋ ਹਾਕਮ ਪਾਰਟੀਆਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਸ਼ਾਮਲ ਹਨ ਪਰ ਲਿਬਰੇਸ਼ਨ ਨੇ ਭਾਜਪਾ ਦੇ ਉਮੀਦਵਾਰਾਂ ਨੂੰ ਹਾਰ ਦੇਣ ਦੀ ਹੈਸੀਅਤ ਰੱਖਣ ਵਾਲੀ ਧਿਰ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਮੱਦਦ ਕਰਨ ਦਾ ਫੈਸਲਾ ਲਿਆ ਹੈ। ਜਦੋਂ ਕਿ ਆਮ ਆਦਮੀ ਪਾਰਟੀ ਆਪਣੇ ਦੋ ਸਾਲਾਂ ਦੇ ਰਾਜ ਦੇ ਕਾਰਜਕਾਲ ਦੌਰਾਨ ਆਮ ਲੋਕਾਂ ਦਾ ਵਿਸ਼ਵਾਸ ਗੁਆ ਚੁੱਕੀ ਹੈ। ਜਿਸ ਦੇ ਉਮੀਦਵਾਰ ਭਾਜਪਾ ਨੂੰ ਹਰਾਉਣ ਦੀ ਸਥਿਤੀ ਵਿੱਚ ਨਹੀਂ ਹਨ। ਸ੍ਰੀ ਬਖਤਪੁੁਰਾ ਨੇ ਆਖਿਆ ਕਿ ਲਿਬਰੇਸ਼ਨ ਨੇ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਕਿ ਭਾਜਪਾ ਨੂੰ ਹਰਾਇਆ ਜਾਵੇ ਤਾਂ ਜੋ ਦੇਸ ਦੇ ਸੰਵਿਧਾਨ ਬਚਾਇਆ ਜਾਵੇ ਅਤੇ ਦੇਸ਼ ’ਚ ਆਪਸੀ ਭਾਈਚਾਰਕ ਸਾਂਝ ਕਾਇਮ ਰਹਿ ਸਕੇ।