ਦਵਿੰਦਰ ਪਾਲ
ਚੰਡੀਗੜ੍ਹ, 15 ਨਵੰਬਰ
ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲੇ ਨਵੇਂ ਕਾਨੂੰਨ ਦੀ ਮੰਗ ਸਬੰਧੀ ਪੱਕੇ ਧਰਨੇ ਅੱਜ 411ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਹੇ। ਪੰਜਾਬ ਦੇ ਸੰਘਰਸ਼ੀ ਅਖਾੜਿਆਂ ਤੋਂ ਅੱਜ ਆਦਿਵਾਸੀ ਨਾਇਕ ਅਤੇ ਆਜ਼ਾਦੀ ਘੁਲਾਟੀਏ ਬਿਰਸਾ ਮੁੰਡਾ ਦੀ ਜਨਮ ਦਿਨ ਮਨਾਉਂਦਿਆਂ ਉਸ ਦੀ ਕੁਰਬਾਨੀ ਨੂੰ ਸਿਜਦਾ ਕੀਤਾ ਗਿਆ।
ਬੁਲਾਰਿਆਂ ਨੇ ਕਿਹਾ ਕਿ ਬਿਰਸਾ ਮੁੰਡਾ ਨੇ ਮੁਲਕ ਨੂੰ ਆਜ਼ਾਦ ਕਰਵਾਉਣ ਅਤੇ ਆਦਿਵਾਸੀ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਅੰਗਰੇਜ਼ ਹਕੂਮਤ ਵਿਰੁੱਧ ਬਗਾਵਤ ਦੀ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਅੱਜ ਜਦੋਂ ਭਾਰਤੀ ਸਰਕਾਰ ਇੰਡੀਅਨ ਫਾਰੈਸਟ ਐਕਟ 1882 ਵਿੱਚ ਸੋਧਾਂ ਕਰਕੇ ਆਦਿਵਾਸੀ ਲੋਕਾਂ ਦੀ ਜਲ, ਜੰਗਲ ਤੇ ਜ਼ਮੀਨ ਪੂੁੰਜੀਪਤੀਆਂ ਹਵਾਲੇ ਕਰ ਰਹੀ ਹੈ, ਇਸ ਸਮੇਂ ਬਿਰਸਾ ਮੁੰਡਾ ਦੀ ਸ਼ਹਾਦਤ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ। ਬੁਲਾਰਿਆਂ ਨੇ ਸਿਆਸੀ ਪਾਰਟੀਆਂ ਪਾਰਟੀਆਂ ਵੱਲੋਂ ਆਪਣੀਆਂ ਫੁਟਪਾਊ, ਅਗੇਤੀਆਂ ਤੇ ਬੇਲੋੜੀਆਂ ਸਿਆਸੀ ਸਰਗਰਮੀਆਂ ਰਾਹੀਂ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ ਦੀ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਚੋਣਾਂ ਦੀ ਤਰੀਕ ਦਾ ਅਜੇ ਤੱਕ ਐਲਾਨ ਨੇੜੇ-ਤੇੜੇ ਨਹੀਂ ਪਰ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਪਿੰਡਾਂ ਵਿੱਚ ਧੜੇਬੰਦੀਆਂ ਵਧਾ ਕੇ ਰਹੀਆਂ ਹਨ। ਇਸ ਫੁੱਟਪਾਊ ਕਾਰਵਾਈ ਕਾਰਨ ਕਿਸਾਨ ਅੰਦੋਲਨ ਨੂੰ ਢਾਹ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਪਾਰਟੀਆਂ ਕਿਸਾਨ ਅੰਦੋਲਨ ਦੀ ਸਚਮੁਚ ਹਮਾਇਤ ਕਰਨਾ ਚਾਹੁੰਦੀਆਂ ਹਨ ਤਾਂ ਹਾਲ ਦੀ ਘੜੀ ਆਪਣੀਆਂ ਸਰਗਰਮੀਆਂ ’ਤੇ ਰੋਕ ਲਾਉਣ। ਆਗੂਆਂ ਨੇ ਕਿਹਾ ਕਿ ਝੋਨੇ ਦੀ ਸਾਂਭ-ਸੰਭਾਲ ਤੋਂ ਵਿਹਲੇ ਹੋਣ ਮਗਰੋਂ ਕਿਸਾਨਾਂ ਦੇ ਵੱਡੇ ਕਾਫ਼ਲੇ ਦਿੱਲੀ ਵੱਲ ਵਹੀਰਾਂ ਘੱਤਣ ਲੱਗੇ ਹਨ। ਉਨ੍ਹਾਂ ਕਿਹਾ ਕਿ 26 ਨਵੰਬਰ ਨੂੰ ਦਿੱਲੀ ਮੋਰਚੇ ਦੀ ਪਹਿਲੀ ਵਰ੍ਹੇਗੰਢ ਮੌਕੇ ਉਥੇ ਇਤਿਹਾਸਕ ਇਕੱਠ ਕੀਤਾ ਜਾਵੇਗਾ। ਇਸ ਤੋਂ ਇਲਾਵਾ ਭਲਕੇ ਧਰਨਿਆਂ ’ਚ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਸ ਦੇ ਛੇ ਸ਼ਹੀਦ ਸਾਥੀਆਂ ਦੀ ਬਰਸੀ ਮਨਾਈ ਜਾਵੇਗੀ, ਜਿਸ ਲਈ ਆਗੂਆਂ ਨੇ ਲੋਕਾਂ ਨੂੰ ਧਰਨਿਆਂ ’ਚ ਵੱਧ ਤੋਂ ਵੱਧ ਸ਼ਿਕਰਤ ਕਰਨ ਦੀ ਅਪੀਲ ਕੀਤੀ।
ਆਗੂਆਂ ਨੇ ਕਿਹਾ ਕਿ ਹਾਕਮ ਧਿਰ ਲਗਾਤਾਰ ਦਿੱਲੀ ’ਚ ਪ੍ਰਦੂਸ਼ਣ ਫ਼ੈਲਾਉਣ ਦਾ ਦੋਸ਼ ਕਿਸਾਨਾਂ ਸਿਰ ਮੜ੍ਹ ਰਹੀ ਹੈ ਜਦਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪ੍ਰਦੂਸ਼ਣ ਫੈਲਾਉਣ ਦਾ ਦੋਸ਼ ਕਿਸਾਨਾਂ ਸਿਰ ਨਹੀਂ ਆਉਂਦਾ ਕਿਉਂਕਿ ਸਿਰਫ 8 ਫੀਸਦੀ ਧੂੰਆਂ ਪਰਾਲੀ ਨਾਲ ਹੁੰਦਾ ਹੈ, ਉਹ ਵੀ ਵੱਧ ਤੋਂ ਵੱਧ ਇਕ ਮਹੀਨੇ ਲਈ ਪਰ 92 ਫੀਸਦੀ ਜ਼ਿੰਮੇਵਾਰ ਸਰਮਾਏਦਾਰਾਂ ਦੀਆਂ ਫੈਕਟਰੀਆਂ ਹਨ।
ਕਿਸਾਨ ਬੀਬੀਆਂ ਵੱਲੋਂ ਘਰ-ਘਰ ਜਾ ਕੇ ਦਿੱਲੀ ਪਹੁੰਚਣ ਦਾ ਸੱਦਾ
ਭੁੱਚੋ ਮੰਡੀ (ਪੱਤਰ ਪ੍ਰੇਰਕ): ਭਾਰਤੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਅੱਜ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਅਤੇ ਕਰਤਾਰਪੁਰ ਥਾਂਦੇ ਵਿੱਚ ਕਿਰਤੀ ਲੋਕਾਂ ਨੂੰ ਘਰ-ਘਰ ਜਾ ਕੇ ਦਿੱਲੀ ਕਿਸਾਨ ਮੋਰਚੇ ਦੀ ਪਹਿਲੀ ਵਰ੍ਹੇਗੰਢ ਮੌਕੇ ਦਿੱਲੀ ਪਹੁੰਚਣ ਲਈ ਲਾਮਵੰਦ ਕੀਤਾ ਗਿਆ। ਇਸ ਮੌਕੇ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੌਰ ਬਿੰਦ ਅਤੇ ਬਲਾਕ ਆਗੂ ਕਰਮਜੀਤ ਕੌਰ ਲਹਿਰਾ ਖਾਨਾ ਦੀ ਅਗਵਾਈ ਹੇਠ ਕਿਸਾਨ ਬੀਬੀਆਂ ਨੇ ਗਲੀਆਂ ਵਿੱਚ ਰੋਸ ਮਾਰਚ ਕੀਤਾ ਅਤੇ ਮੋਦੀ ਦੀਆਂ ਕਿਰਤੀ ਮੋਦੀ ਸਰਕਾਰ ਦੀਆਂ ਸਾਮਰਾਜੀ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬਲਾਕ ਆਗੂ ਗੁਰਜੰਟ ਸਿੰਘ, ਸਿਮਰਜੀਤ ਸਿੰਘ, ਤੇਜ ਸਿੰਘ, ਕਾਲਾ ਸਿੰਘ ਅਤੇ ਭੋਲੂ ਸਿੰਘ ਨੇ ਕਿਹਾ ਕਿ ਕਣਕ ਦੀ ਬਿਜਾਈ ਲਈ ਡੀਏਪੀ ਦੇਣ ਦੇ ਮਾਮਲੇ ਵਿੱਚ ਸਰਕਾਰਾਂ ਕਿਸਾਨਾਂ ਨੂੰ ਖੱਜਲ ਖੁਆਰ ਕਰ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਡੀਏਪੀ ਦੀ ਸਪਲਾਈ ਯਕੀਨੀ ਬਣਾਈ ਜਾਵੇ।