ਮਨੋਜ ਸ਼ਰਮਾ
ਬਠਿੰਡਾ, 25 ਜੂਨ
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਚਿਲਡਰਨ ਪਾਰਕ ਬਠਿੰਡਾ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਮਾਲਵਾ ਖੇਤਰ ਦੇ ਅੱਧੀ ਦਰਜਨ ਜ਼ਿਲ੍ਹੇ ਮਾਨਸਾ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਬਰਨਾਲਾ, ਬਠਿੰਡਾ ਨਾਲ ਸਬੰਧਿਤ ਸੂਬਾ ਕਮੇਟੀ ਦੀਆਂ ਅਹੁਦੇਦਾਰਾਂ ਤੇ ਸਰਗਰਮ ਆਗੂਆਂ ਨੇ ਸ਼ਮੂਲੀਅਤ ਕੀਤੀ।
ਜਥੇਬੰਦੀ ਵੱਲੋਂ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਖ਼ਿਲਾਫ਼ ਸੰਘਰਸ਼ ਨੂੰ ਤੇਜ਼ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ। ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ 5 ਤੋਂ ਲੈ ਕੇ 31 ਜੁਲਾਈ ਤੱਕ ਕਾਂਗਰਸ ਦੇ ਵਿਧਾਇਕਾਂ ਦੇ ਘਰਾਂ ਦਾ ਇੱਕ ਦਿਨ ਦਾ ਘਿਰਾਓ ਕੀਤਾ ਜਾਵੇਗਾ। ਭੁੱਖ ਹੜਤਾਲ ਰੱਖ ਕੇ ਉਨ੍ਹਾਂ ਨੂੰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਖ਼ੂਨ ਨਾਲ ਮੰਗ ਪੱਤਰ ਲਿਖ ਕੇ ਮੁੱਖ ਮੰਤਰੀ ਦੇ ਨਾਂ ਦਿੱਤੇ ਜਾਣਗੇ। ਹਰਗੋਬਿੰਦ ਕੌਰ ਨੇ ਕਿਹਾ ਕਿ ਪਹਿਲੀ ਤੋਂ 30 ਅਗਸਤ ਤੱਕ ਕਾਂਗਰਸੀ ਮੰਤਰੀਆਂ ਦੇ ਘਰਾਂ ਦਾ ਘਿਰਾਓ ਦੋ ਦਿਨਾਂ ਦਾ ਕੀਤਾ ਜਾਵੇਗਾ। ਮੰਤਰੀਆਂ ਦੇ ਘਰਾਂ ਅੱਗੇ ਵੀ ਭੁੱਖ ਹੜਤਾਲ ਰੱਖੀ ਜਾਵੇਗੀ ਅਤੇ ਮੰਤਰੀਆਂ ਨੂੰ ਖ਼ੂਨ ਨਾਲ ਮੰਗ ਪੱਤਰ ਲਿਖ ਕੇ ਮੁੱਖ ਮੰਤਰੀ ਦੇ ਨਾਂ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ 2 ਅਕਤੂਬਰ ਵਾਲੇ ਦਿਨ ਆਈਸੀਡੀਐਸ ਸਕੀਮ ਨੂੰ ਸ਼ੁਰੂ ਹੋਇਆਂ 46 ਸਾਲ ਪੂਰੇ ਹੋ ਜਾਣਗੇ, ਇਸ ਦਿਨ ਚੰਡੀਗੜ੍ਹ ਵਿਚ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਵਰਕਰਾਂ ਤੇ ਹੈਲਪਰਾਂ ਦਾ 14 ਸੂਤਰੀ ਮੰਗ ਪੱਤਰ ਦਾ ਹੱਲ ਨਹੀਂ ਕਰਦੀ, ਉਦੋਂ ਤੱਕ ਜਥੇਬੰਦੀ ਦਾ ਸੰਘਰਸ਼ ਜਾਰੀ ਰੱਖਿਆ ਰਹੇਗਾ।
ਇਸ ਮੌਕੇ ਛਿੰਦਰਪਾਲ ਕੌਰ ਥਾਂਦੇਵਾਲਾ, ਗੁਰਮੀਤ ਕੌਰ ਗੋਨੇਆਣਾ, ਬਲਵੀਰ ਕੌਰ ਮਾਨਸਾ, ਮਹਿੰਦਰ ਕੌਰ ਪੱਤੋ ਮੋਗਾ, ਸ਼ੀਲਾ ਰਾਣੀ ਫ਼ਿਰੋਜ਼ਪੁਰ, ਕਿਰਸ਼ਨਾ ਦੇਵੀ ਔਲਖ, ਸ਼ਿੰਦਰਪਾਲ ਕੌਰ ਭਗਤਾ, ਕਿਰਨਜੀਤ ਕੌਰ ਭੰਗਚੜੀ, ਜਸਵਿੰਦਰ ਕੌਰ ਬਰਾੜ ਦੋਦਾ, ਸਰਬਜੀਤ ਕੌਰ ਫੂਲ ਸਮੇਤ ਹੋਰ ਆਗੂ ਮੌਜੂਦ ਸਨ।
ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ
ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਮੰਗਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਆਂਗਣਵਾੜੀ ਸੈਂਟਰਾਂ ਵਿੱਚੋਂ ਖੋਹੇ ਗਏ 3 ਤੋਂ 6 ਸਾਲ ਤੱਕ ਦੇ ਬੱਚੇ ਵਾਪਸ ਆਂਗਣਵਾੜੀ ਸੈਂਟਰਾਂ ਵਿੱਚ ਭੇਜੇ ਜਾਣ। ਪ੍ਰੀ-ਨਰਸਰੀ ਟੀਚਰ ਦਾ ਦਰਜਾ ਆਂਗਣਵਾੜੀ ਵਰਕਰ ਨੂੰ ਦਿੱਤਾ ਜਾਵੇ। ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਦਿੱਤਾ ਜਾਵੇ ਤੇ ਜਿਨ੍ਹਾਂ ਚਿਰ ਇਹ ਸੰਭਵ ਨਹੀਂ ਉਨ੍ਹਾਂ ਚਿਰ ਘੱਟੋ-ਘੱਟ ਉਜਰਤਾਂ ਨੂੰ ਮੁੱਖ ਰੱਖਦਿਆਂ ਵਰਕਰ ਨੂੰ 24 ਹਜ਼ਾਰ ਰੁਪਏ ਅਤੇ ਹੈਲਪਰ ਨੂੰ 18 ਹਜਾਰ ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਵੇ। ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ’ਤੇ ਮਾਣ ਭੱਤਾ ਦਿੱਤਾ ਜਾਵੇ।