ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 29 ਜੁਲਾਈ
ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਨੇੜੇ ਖੁਦਾਈ ਵੇਲੇ ਮਿਲੇ ਪੁਰਾਤਨ ਇਮਾਰਤੀ ਢਾਂਚੇ ਨੂੰ ਪੁਰਾਤੱਤਵ ਵਿਭਾਗ ਨੇ ਵਿਰਾਸਤੀ ਇਮਾਰਤ ਦਾ ਹਿੱਸਾ ਦੱਸਦਿਆਂ ਇਸ ਨੂੰ ਸੰਭਾਲਣ ਦੀ ਸਿਫਾਰਸ਼ ਕੀਤੀ ਹੈ। ਸ਼੍ਰੋਮਣੀ ਕਮੇਟੀ ਨੇ ਵੀ ਇਸ ਪੁਰਾਤਨ ਇਮਾਰਤੀ ਢਾਂਚੇ ਦੀ ਸੰਭਾਲ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਰਕੀਟੈਕਟ ਵਿਭਾਗ ਦੇ ਮਾਹਿਰਾਂ ਨੂੰ ਵਿਚਾਰ ਕਰਨ ਲਈ ਸੱਦਿਆ ਹੈ।
ਭਾਰਤੀ ਪੁਰਾਤੱਤਵ ਵਿਭਾਗ ਦੀ ਚੰਡੀਗੜ੍ਹ ਤੋਂ ਆਈ ਟੀਮ, ਜੋ ਇਸ ਪੁਰਾਤਨ ਇਮਾਰਤੀ ਢਾਂਚੇ ਦੀ 20 ਜੁਲਾਈ ਨੂੰ ਜਾਂਚ ਕਰ ਕੇ ਗਈ ਸੀ, ਨੇ ਆਪਣੀ ਜਾਂਚ ਰਿਪੋਰਟ ਜ਼ਿਲ੍ਹਾ ਪ੍ਰਸ਼ਾਸਨ ਤੇ ਗਲਿਆਰਾ ਪ੍ਰਾਜੈਕਟ ਦੇ ਵਧੀਕ ਮੁੱਖ ਪ੍ਰਸ਼ਾਸਕ ਨੂੰ ਭੇਜ ਦਿੱਤੀ ਹੈ। ਇਸ ਜਾਂਚ ਰਿਪੋਰਟ ਵਿੱਚ ਸਪੱਸ਼ਟ ਹੈ ਕਿ ਇਹ ਪੁਰਾਤਨ ਇਮਾਰਤੀ ਢਾਂਚਾ ਕਿਸੇ ਵਿਰਾਸਤੀ ਇਮਾਰਤ ਦਾ ਹਿੱਸਾ ਹੈ। ਉਨ੍ਹਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਇਸ ਦੀ ਸੰਭਾਲ ਲਈ ਕਾਰਵਾਈ ਕਰਨ ਨੂੰ ਕਿਹਾ ਹੈ।
ਰਿਪੋਟਰ ਵਿੱਚ ਕਿਹਾ ਗਿਆ ਹੈ ਕਿ ਇਸ ਪੁਰਾਤਨ ਢਾਂਚੇ ਵਿੱਚ ਲਖੌਰੀ ਇੱਟਾਂ ਤੇ ਚੂਨੇ ਦੀ ਵਰਤੋਂ ਕੀਤੀ ਹੋਈ ਹੈ ਅਤੇ ਇਹ ਇਮਾਰਤ ਦੇਰ ਮੱਧਕਾਲੀ ਸਮੇਂ ਦੀ ਹੋ ਸਕਦੀ ਹੈ। ਇਹ ਕਿਸੇ ਰਿਹਾਇਸ਼ੀ ਇਮਾਰਤ ਦਾ ਹਿੱਸਾ ਲੱਗਦਾ ਹੈ। ਉਨ੍ਹਾਂ ਲਿਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਦਾ ਇਲਾਕਾ ਪੁਰਾਤਨ ਤੇ ਵਿਰਾਸਤੀ ਹੈ। ਇਸ ਲਈ ਇਹ ਢਾਂਚਾ ਵੀ ਕਿਸੇ ਵਿਰਾਸਤੀ ਇਮਾਰਤ ਦਾ ਹਿੱਸਾ ਹੋ ਸਕਦਾ ਹੈ।
ਇੱਥੇ ਦੱਸਣਯੋਗ ਹੈ ਕਿ ਗਿਆਨੀ ਪਰਿਵਾਰ ਵੱਲੋਂ ਦਾਅਵਾ ਕੀਤਾ ਜਾ ਚੁੱਕਾ ਹੈ ਕਿ ਇਹ ਰਿਹਾਇਸ਼ੀ ਇਮਾਰਤ ਗਿਆਨੀਆਂ ਦਾ ਬੁੰਗਾ ਸੀ, ਜੋ ਮਹਾਰਾਜਾ ਰਣਜੀਤ ਸਿੰਘ ਵੱਲੋਂ ਉਨ੍ਹਾਂ ਦੇ ਬਜ਼ੁਰਗ ਭਾਈ ਸੰਤ ਸਿੰਘ ਗਿਆਨੀ ਨੂੰ ਸੌਂਪੀ ਗਈ ਸੀ। ਇਹ ਇਮਾਰਤ 1988 ਵਿੱਚ ਗਲਿਆਰਾ ਯੋਜਨਾ ਦੇ ਘੇਰੇ ਵਿੱਚ ਆ ਗਈ ਸੀ। ਸਰਕਾਰ ਨੇ ਇਸ ਦਾ ਮੁਆਵਜ਼ਾ ਦੇ ਕੇ ਕਬਜ਼ਾ ਲੈ ਲਿਆ ਸੀ ਅਤੇ ਮਗਰੋਂ ਇਸ ਨੂੰ ਢਹਿ-ਢੇਰੀ ਕਰ ਦਿੱਤਾ ਗਿਆ। ਹੁਣ ਮਿਲਿਆ ਪੁਰਾਤਨ ਇਮਾਰਤੀ ਢਾਂਚਾ ਬੁੰਗਾ ਗਿਆਨੀਆਂ ਦਾ ਜ਼ਮੀਨਦੋਜ਼ ਹਿੱਸਾ ਹੈ।
ਇਮਾਰਤੀ ਢਾਂਚੇ ਨੂੰ ਸੰਭਾਲਿਆ ਜਾਵੇਗਾ: ਜਗੀਰ ਕੌਰ
ਇਸ ਸਬੰਧੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਖਿਆ ਕਿ ਪੁਰਾਤੱਤਵ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰਦੇਸ਼ ਤਹਿਤ ਇਸ ਇਮਾਰਤੀ ਢਾਂਚੇ ਨੂੰ ਸੰਭਾਲਿਆ ਜਾਵੇਗਾ। ਇਸ ਸਬੰਧੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਰਕੀਟੈਕਟ ਵਿਭਾਗ ਦੇ ਮਾਹਿਰਾਂ ਨੂੰ ਵਿਚਾਰ ਕਰਨ ਲਈ ਸੱਦਿਆ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਇਸ ਸਬੰਧੀ ਅਗਲੀ ਕਾਰਵਾਈ ਲਈ ਮਾਮਲਾ ਪੰਜਾਬ ਦੇ ਸੈਰ ਸਪਾਟਾ ਵਿਭਾਗ ਨੂੰ ਭੇਜਿਆ ਹੈ।