ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 26 ਮਾਰਚ
ਖੇਤੀ ਕਾਨੂੰਨ ਖ਼ਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਭਾਰਤ ਬੰਦ ਦੇ ਦਿੱਤੇ ਸੱਦੇ ਤਹਿਤ ਕਿਸਾਨ ਜਥੇਬੰਦੀਆਂ ਵੱਲੋਂ ਵੱਖ ਵੱਖ ਥਾਵਾਂ ’ਤੇ ਧਰਨੇ ਦਿੱਤੇ ਗਏ ਹਨ ਅਤੇ ਰੇਲ ਤੇ ਸੜਕ ਆਵਾਜਾਈ ਰੋਕੀ ਗਈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸਵੇਰੇ ਛੇ ਵਜੇ ਤੋਂ ਵੱਲਾ ਫਾਟਕ ਨੇੜੇ ਅੰਮ੍ਰਿਤਸਰ ਦਿਲੀ ਰੇਲ ਮਾਰਗ ਤੇ ਰੇਲ ਆਵਾਜਾਈ ਰੋਕੀ ਹੈ। ਰੇਲ ਲਾਈਨਾਂ ’ਤੇ ਦਿੱਤੇ ਧਰਨੇ ਦੌਰਾਨ ਕਿਸਾਨਾਂ ਨੇ ਨੰਗੇ ਧੜ ਹੋ ਕੇ ਪ੍ਰਦਰਸ਼ਨ ਕੀਤਾ। ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸੇ ਤਰ੍ਹਾਂ ਗੋਲਡਨ ਗੇਟ ਨੇੜੇ ਧਰਨਾ ਦੇ ਕੇ ਅੰਮ੍ਰਿਤਸਰ ਦਿੱਲੀ ਜੀਟੀ ਰੋਡ ’ਤੇ ਸੜਕ ਆਵਾਜਾਈ ਰੋਕੀ ਗਈ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਆਖਿਆ ਕਿ ਜਥੇਬੰਦੀ ਵੱਲੋਂ ਵੱਖ ਵੱਖ ਥਾਵਾਂ ’ਤੇ ਸੜਕ ਅਤੇ ਰੇਲ ਆਵਾਜਾਈ ਰੋਕ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ। ਇਸੇ ਤਰ੍ਹਾਂ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਹਾਲ ਗੇਟ, ਭੰਡਾਰੀ ਪੁਲ, ਅਲਫਾ ਮਾਲ, ਫਤਿਹਗੜ੍ਹ ਚੂੜੀਆਂ ਰੋਡ ਕਈ ਥਾਵਾਂ ’ਤੇ ਆਵਾਜਾਈ ਰੋਕ ਕੇ ਪ੍ਰਦਰਸ਼ਨ ਜਾਰੀ ਹਨ। ਸ਼ਹਿਰ ਵਿਚ ਵਧੇਰੇ ਥਾਵਾਂ ਤੇ ਦੁਕਾਨਾਂ ਬੰਦ ਹਨ।