ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ -6 ਜੂਨ
ਜੂਨ 1984 ਵਿੱਚ ਵਾਪਰੇ ਸਾਕਾ ਨੀਲਾ ਤਾਰਾ ਫੌਜੀ ਹਮਲੇ ਦੇ ਰੋਸ ਵਜੋਂ ਅੱਜ ਅੰਮ੍ਰਿਤਸਰ ਵਿੱਚ ਦੁਕਾਨਾਂ, ਕਾਰੋਬਾਰ ਤੇ ਹੋਰ ਸਭ ਬੰਦ ਰਿਹਾ। ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਬੰਦ ਦਾ ਸੱਦਾ ਦਿੱਤਾ ਸੀ।
ਬੰਦ ਦੇ ਸੱਦੇ ਤਹਿਤ ਅੱਜ ਸਵੇਰ ਤੋਂ ਹੀ ਲਗਪਗ ਵਧੇਰੇ ਸ਼ਹਿਰ ਵਿੱਚ ਦੁਕਾਨਾਂ, ਕਾਰੋਬਾਰ, ਪੈਟਰੋਲ ਪੰਪ ਤੇ ਹੋਰ ਅਦਾਰੇ ਬੰਦ ਹਨ। ਬੱਸ ਅੱਡੇ ਤੋਂ ਬੱਸਾਂ ਚੱਲ ਰਹੀਆਂ ਹਨ, ਪਰ ਬੱਸਾਂ ਵਿੱਚ ਸਵਾਰੀਆਂ ਘੱਟ ਹਨ। ਇਸੇ ਤਰ੍ਹਾਂ ਸ਼ਹਿਰ ਵਿੱਚ ਦਵਾਈਆਂ ਦੀਆਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਹਨ ਅਤੇ ਹਸਪਤਾਲ ਵੀ ਖੁੱਲ੍ਹੇ ਹੋਏ ਹਨ । ਆਵਾਜਾਈ ਨਿਰਵਿਘਨ ਚੱਲ ਰਹੀ ਹੈ ਪਰ ਸੜਕਾਂ ਖਾਲੀ ਹਨ। ਇਸ ਦੌਰਾਨ ਸ਼ਹਿਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸ਼ਹਿਰ ਵਿੱਚ ਪੰਜਾਬ ਪੁਲੀਸ ਤੋਂ ਇਲਾਵਾ ਨੀਮ ਫ਼ੌਜੀ ਬਲਾਂ ਦੇ ਦਸਤੇ ਵੀ ਤਾਇਨਾਤ ਕੀਤੇ ਗਏ ਹਨ।