ਹਰਪ੍ਰੀਤ ਕੌਰ
ਹੁਸ਼ਿਆਰਪੁਰ, 17 ਅਪਰੈਲ
ਇੰਡੀਆਨਾਪੋਲੀਸ ਫੈਡਐਕਸ ਵਿਚ ਹੋਈ ਗੋਲੀਬਾਰੀ ਵਿਚ ਮਰਨ ਵਾਲਿਆਂ ’ਚ ਹੁਸ਼ਿਆਰਪੁਰ ਨਾਲ ਸਬੰਧਤ ਕਰੀਬ 70 ਸਾਲਾ ਜਸਵਿੰਦਰ ਸਿੰਘ ਵੀ ਸ਼ਾਮਲ ਹੈ। ਉਸ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਸਦਮੇ ਵਿੱਚ ਹੈ। ਮਿਲੀ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਕਰੀਬ ਅੱਠ ਸਾਲ ਪਹਿਲਾ ਅਮਰੀਕਾ ਗਿਆ ਸੀ ਅਤੇ ਆਪਣੇ ਪੁੱਤਰ ਨਾਲ ਰਹਿ ਰਿਹਾ ਸੀ। ਪਿੰਡ ਰਹਿੰਦੇ ਉਸ ਦੇ ਛੋਟੇ ਪੁੱਤਰ ਜਤਿੰਦਰ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਮਿਲੀ। ਉਸ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਉਸ ਦੀ ਉਸ ਦੇ ਪਿਤਾ ਨਾਲ ਗੱਲ ਹੋਈ ਸੀ। ਉਸ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਹੀ ਉਸ ਦੇ ਪਿਤਾ ਨੇ ਉਕਤ ਕੰਪਨੀ ਵਿਚ ਕੰਮ ਸ਼ੁਰੂ ਕੀਤਾ ਸੀ ਅਤੇ ਉਹ ਆਪਣੀ ਪਹਿਲੀ ਤਨਖਾਹ ਲੈਣ ਲਈ ਗਏ ਸਨ, ਜਦੋਂ ਇਹ ਘਟਨਾ ਵਾਪਰੀ।