ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 15 ਫਰਵਰੀ
ਏਅਰ ਇੰਡੀਆ ਵੱਲੋਂ ਅੰਮ੍ਰਿਤਸਰ-ਲੰਡਨ ਹੀਥਰੋ ਸਿੱਧੀ ਉਡਾਣ ਨੂੰ 27 ਮਾਰਚ ਤੋਂ ਹਫ਼ਤੇ ਵਿੱਚ ਇਕ ਦਿਨ ਤੋਂ ਵਧਾ ਕੇ ਤਿੰਨ ਉਡਾਣਾਂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ, ਅੰਮ੍ਰਿਤਸਰ ਵਿਕਾਸ ਮੰਚ, ਸੇਵਾ ਟਰੱਸਟ ਯੂਕੇ ਤੇ ਯੂਕੇ ਦੇ ਪੰਜਾਬੀ ਭਾਈਚਾਰੇ ਵੱਲੋਂ ਟਾਟਾ ਗਰੁੱਪ ਅਧੀਨ ਦੇ ਇਸ ਫੈ਼ਸਲੇ ਦਾ ਸਵਾਗਤ ਕੀਤਾ ਗਿਆ ਹੈ। ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁੰਮਟਾਲਾ (ਯੂਐੱਸਏ) ਤੇ ਸੇਵਾ ਟਰਸੱਟ ਯੂਕੇ ਦੇ ਸੰਸਥਾਪਕ ਚੇਅਰਮੈਨ ਚਰਨ ਕੰਵਲ ਸਿੰਘ ਸੇਖੋਂ ਨੇ ਕਿਹਾ ਕਿ ਕਰੋਨਾ ਮਹਾਮਾਰੀ ਅਤੇ ਨਿਯਮਤ ਕੌਮਾਂਤਰੀ ਉਡਾਣਾਂ ਦੀ ਮੁਅੱਤਲੀ ਵਿਚਕਾਰ ਇਸ ਪ੍ਰਸਿੱਧ ਉਡਾਣ ਦੀ ਗਿਣਤੀ ਵਿੱਚ ਵਾਧੇ ਦਾ ਇਹ ਫ਼ੈਸਲਾ ਯੂਕੇ ਰਹਿੰਦੇ ਪੰਜਾਬੀ ਪ੍ਰਵਾਸੀਆਂ ਲਈ ਚੰਗੀ ਖਬਰ ਲੈ ਕੇ ਆਇਆ ਹੈ। ਗੁਮਟਾਲਾ ਨੇ ਦੱਸਿਆ ਕਿ ਏਅਰ ਇੰਡੀਆ ਦੀ ਵੈੱਬਸਾਈਟ ’ਤੇ ਤਾਜ਼ਾ ਸਮਾਂ ਸੂਚੀ ਅਨੁਸਾਰ ਏਅਰ ਇੰਡੀਆ ਦੀ ਉਡਾਣ ਏਆਈ 170 ਸ਼ਨਿਚਰਵਾਰ, ਐਤਵਾਰ ਤੇ ਸੋਮਵਾਰ ਨੂੰ ਲੰਡਨ ਹੀਥਰੋ ਤੋਂ ਉਡਾਣ ਭਰੇਗੀ ਅਤੇ ਅੰਮ੍ਰਿਤਸਰ ਤੋਂ ਉਡਾਣ ਐਤਵਾਰ, ਸੋਮਵਾਰ ਅਤੇ ਮੰਗਲਵਾਰ ਨੂੰ ਰਵਾਨਾ ਹੋਵੇਗੀ। ਏਅਰ ਇੰਡੀਆ ਇਸ ਰੂਟ ’ਤੇ 256 ਸੀਟਾਂ ਵਾਲਾ ਬੋਇੰਗ 787-8 ਡ੍ਰੀਮਲਾਈਨਰ ਜਹਾਜ਼ ਚਲਾਉਂਦੀ ਹੈ, ਜਿਸ ਵਿਚ 238 ਇਕਾਨਮੀ ਅਤੇ 18 ਬਿਜ਼ਨਸ ਕਲਾਸ ਸੀਟਾਂ ਹਨ। ਇਨ੍ਹਾਂ ਸਿੱਧੀਆਂ ਉਡਾਣਾਂ ਦੀ ਬੁਕਿੰਗ ਅਕਤੂਬਰ 2022 (ਏਅਰਲਾਈਨਾਂ ਲਈ ਗਰਮੀਆਂ ਦੀ ਸਮਾਂ ਸਾਰਣੀ ਦੇ ਅੰਤ) ਤੱਕ ਉਪਲਬਧ ਹਨ। ਗੁਮਟਾਲਾ ਨੇ ਦੱਸਿਆ ਕਿ ਏਅਰ ਇੰਡੀਆ ਇਸ ਵੇਲੇ ਹਫ਼ਤੇ ਵਿੱਚ ਇਕ ਦਿਨ ਸਿੱਧੀ ਅੰਮ੍ਰਿਤਸਰ-ਬਰਮਿੰਘਮ ਉਡਾਣ ਵੀ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਭਵਿੱਖ ਵਿੱਚ ਇਨ੍ਹਾਂ ਉਡਾਣਾਂ ਦੀ ਗਿਣਤੀ ਵੀ ਵਧੇਗੀ।