ਨਵੀਂ ਦਿੱਲੀ, 23 ਮਈ
ਦਿੱਲੀ ਪੁਲੀਸ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਕਥਿਤ ਕੁੱਟਮਾਰ ਮਾਮਲੇ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮਾਪਿਆਂ ਤੋਂ ਪੁੱਛ-ਪੜਤਾਲ ਲਈ ਅੱਜ ਕੇਜਰੀਵਾਲ ਦੀ ਰਿਹਾਇਸ਼ ’ਤੇ ਨਹੀਂ ਜਾਵੇਗੀ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਕੇਜਰੀਵਾਲ ਨੇ ਬੀਤੇ ਦਿਨ ਕਿਹਾ ਸੀ ਕਿ ਪੁਲੀਸ 23 ਮਈ ਨੂੰ ਉਨ੍ਹਾਂ ਦੇ ਬਜ਼ੁਰਗ ਤੇ ਬਿਮਾਰ ਮਾਪਿਆਂ ਤੋਂ ਪੁੱਛ ਪੜਤਾਲ ਲਈ ਆਵੇਗੀ। ਸੂਤਰਾਂ ਨੇ ਦੱਸਿਆ ਕਿ ਪੁਲੀਸ ਆਉਣ ਵਾਲੇ ਦਿਨਾਂ ’ਚ ਪੁੱਛ ਪੜਤਾਲ ਲਈ ਕੇਜਰੀਵਾਲ ਦੀ ਰਿਹਾਇਸ਼ ’ਤੇ ਜਾ ਸਕਦੀ ਹੈ ਪਰ ਉਹ ਅੱਜ ਉੱਥੇ ਨਹੀਂ ਜਾ ਰਹੀ। ਸੂਤਰਾਂ ਅਨੁਸਾਰ ਪੁਲੀਸ ਆਉਣ ਵਾਲੇ ਦਿਨਾਂ ’ਚ ਕੇਜਰੀਵਾਲ ਤੋਂ ਵੀ ਪੁੱਛ-ਪੜਤਾਲ ਕਰ ਸਕਦੀ ਹੈ। ਇਸੇ ਦੌਰਾਨ ਕੇਜਰੀਵਾਲ ਨੇ ਐਕਸ ’ਤੇ ਪਾਈ ਪੋਸਟ ’ਚ ਕਿਹਾ, ‘ਮੈਂ ਆਪਣੇ ਮਾਤਾ-ਪਿਤਾ ਤੇ ਪਤਨੀ ਨਾਲ ਪੁਲੀਸ ਦੀ ਉਡੀਕ ਕਰ ਰਿਹਾ ਹਾਂ। ਕੱਲ੍ਹ ਪੁਲੀਸ ਨੇ ਫੋਨ ਕਰਕੇ ਮੇਰੇ ਮਾਤਾ-ਪਿਤਾ ਤੋਂ ਪੁੱਛ-ਪੜਤਾਲ ਲਈ ਸਮਾਂ ਮੰਗਿਆ ਸੀ। ਪਰ ਉਹ ਆਉਣਗੇ ਜਾਂ ਨਹੀਂ, ਇਸ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਅਜੇ ਨਹੀਂ ਦਿੱਤੀ।’