ਨਿੱਜੀ ਪੱਤਰ ਪ੍ਰੇਰਕ
ਜਲੰਧਰ, 27 ਅਗਸਤ
ਕੌਮੀ ਖੇਡ ਦਿਵਸ ਤੋਂ ਐਨ ਇੱਕ ਦਿਨ ਪਹਿਲਾਂ ਇੱਥੋਂ ਦੇ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਦੋ ਵੱਡੇ ਤੋਹਫੇ ਦਿੱਤੇ ਜਾ ਰਹੇ ਹਨ। ਖੇਡ ਮੰਤਰੀ ਰਾਣਾ ਸੋਢੀ ਭਲਕੇ 28 ਅਗਸਤ ਨੂੰ ਜਲੰਧਰ ਦੇ ਸਪੋਰਟਸ ਕਾਲਜ ਵਿੱਚ ਨਵਾਂ ਸਿੰਥੈਟਿਕ ਅਥਲੈਟਿਕਸ ਟਰੈਕ ਲਗਾਉਣ ਬਾਰੇ ਨੀਂਹ ਪੱਥਰ ਰੱਖਣਗੇ। ਇਸ ਟਰੈਕ ਦੀ ਲਾਗਤ 6 ਕਰੋੜ 50 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ। ਇਹ ਯੂਰਪ ਦੇਸ਼ਾਂ ਦੇ ਟਰੈਕਾਂ ਦੀ ਤਰਜ਼ ’ਤੇ ਹੀ ਲਾਇਆ ਜਾ ਰਿਹਾ ਹੈ। ਇਹ ਪ੍ਰਾਜੈਕਟ 8 ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ। ਜ਼ਿਲ੍ਹਾ ਸਪੋਰਟਸ ਦਫਤਰ ਦੇ ਅਧਿਕਾਰੀ ਇਸ ਪ੍ਰਾਜੈਕਟ ਨੂੰ ਸਿਰੇ ਚੜ੍ਹਾਉਣ ਲਈ ਪੱਬਾਂ ਭਾਰ ਹਨ। ਜਾਣਕਾਰੀ ਅਨੁਸਾਰ ਪੰਜਾਬ ਵਿੱਚ ਅਜਿਹੇ ਤਿੰਨ ਟਰੈਕ ਲੱਗਣੇ ਹਨ ਤੇ ਦੋ ਟਰੈਕ ਰਾਣਾ ਸੋਢੀ ਦੇ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਲੱਗ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ 15 ਸਾਲਾਂ ਬਾਅਦ ਇਹ ਟਰੈਕ ਬਦਲਿਆ ਜਾ ਰਿਹਾ ਹੈ। ਯਾਦ ਰਹੇ ਕਿ 1993-94 ਦੌਰਾਨ ਪੰਜਾਬ ਵਿੱਚ ਪਹਿਲੀ ਵਾਰ ਜਲੰਧਰ ਦੇ ਸਪੋਰਟਸ ਕਾਲਜ ਵਿੱਚ ਕੌਮਾਂਤਰੀ ਪੱਧਰ ਦੇ ਮਾਪਦੰਡਾਂ ਵਾਲਾ ਅਥਲੈਟਿਕਸ ਟਰੈਕ ਵਿਛਾਇਆ ਗਿਆ ਸੀ।