ਰੂਪਨਗਰ (ਜਗਮੋਹਨ ਸਿੰਘ): ਹਲਕਾ ਪਟਿਆਲਾ ਦਿਹਾਤੀ ਤੋਂ ‘ਆਪ’ ਦੇ ਵਿਧਾਇਕ ਡਾ. ਬਲਬੀਰ ਸਿੰਘ, ਉਨ੍ਹਾਂ ਦੀ ਪਤਨੀ ਤੇ ਪੁੱਤਰ ਤੋਂ ਇਲਾਵਾ ਇੱਕ ਹੋਰ ਵਿਅਕਤੀ ਨੂੰ ਜ਼ਿਲ੍ਹੇ ਦੇ ਪਿੰਡ ਟੱਪਰੀਆਂ ਦਿਆਲ ਸਿੰਘ ਵਿੱਚ ਜ਼ਮੀਨੀ ਪਾਣੀ ਦੀ ਵਾਰੀ ਸਬੰਧੀ 11 ਸਾਲ ਪਹਿਲਾਂ ਹੋਏ ਝਗੜੇ ਦੇ ਮਾਮਲੇ ਵਿੱਚ ਰੂਪਨਗਰ ਦੀ ਅਦਾਲਤ ਵੱਲੋਂ ਤਿੰਨ ਸਾਲਾਂ ਦੀ ਕੈਦ ਅਤੇ 16-16 ਹਜ਼ਾਰ ਰੁਪਏ ਜੁਰਮਾਨਾ ਭਰਨ ਦੀ ਸਜ਼ਾ ਸੁਣਾਈ ਗਈ ਹੈ। ਚੀਫ਼ ਜੁਡੀਸ਼ੀਅਲ ਮੈਜਿਟਰੇਟ ਰਵੀ ਇੰਦਰ ਸਿੰਘ ਦੀ ਅਦਾਲਤ ਨੇ ਡਾ. ਬਲਬੀਰ ਸਿੰਘ, ਉਨ੍ਹਾਂ ਦੀ ਪਤਨੀ ਰੁਪਿੰਦਰਜੀਤ ਕੌਰ ਸੈਣੀ, ਪੁੱਤਰ ਰਾਹੁਲ ਸੈਣੀ ਅਤੇ ਵਟਾਵੇ ਪਰਮਿੰਦਰ ਸਿੰਘ ਨੂੰ ਸਜ਼ਾ ਸੁਣਾਉਣ ਤੋਂ ਬਾਅਦ ਨਿੱਜੀ ਮੁਚੱਲਕੇ ਭਰਵਾ ਕੇ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ। ਅਦਾਲਤ ਦੇ ਫ਼ੈਸਲੇ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸ਼ਿਕਾਇਤਕਰਤਾ ਪਰਮਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਸੇਵਾਮੁਕਤ ਵਿੰਗ ਕਮਾਂਡਰ ਮੇਵਾ ਸਿੰਘ ਨੇ ਦੱਸਿਆ ਕਿ ਡਾ. ਬਲਬੀਰ ਸਿੰਘ ਦੀ ਪਤਨੀ ਰੁਪਿੰਦਰਜੀਤ ਕੌਰ ਸ਼ਿਕਾਇਤਕਰਤਾ ਕਮਲਜੀਤ ਕੌਰ ਦੀ ਸਕੀ ਭੈਣ ਹੈ ਅਤੇ ਉਨ੍ਹਾਂ ਦੀ ਚਮਕੌਰ ਸਾਹਿਬ ਨੇੜੇ ਪਿੰਡ ਟੱਪਰੀਆਂ ਦਿਆਲ ਸਿੰਘ ਵਿਚ ਸਾਂਝੀ ਜ਼ਮੀਨ ਹੈ। ਉਨ੍ਹਾਂ ਦੱਸਿਆ ਕਿ 13 ਜੂਨ 2011 ਨੂੰ ਉਹ ਆਪਣੀ ਜ਼ਮੀਨ ਨੂੰ ਸਾਂਝੇ ਬੋਰ ਰਾਹੀਂ ਪਾਣੀ ਲਗਾਉਣ ਲਈ ਆਏ ਸਨ, ਇਸ ਦੌਰਾਨ ਜਦੋਂ ਉਹ ਰੋਟੀ ਖਾਣ ਉਪਰੰਤ ਵਰਾਂਡੇ ਵਿੱਚ ਬੈਠੇ ਆਰਾਮ ਕਰ ਰਹੇ ਸਨ ਤਾਂ ਡਾ. ਬਲਬੀਰ ਸਿੰਘ, ਉਨ੍ਹਾਂ ਦੀ ਪਤਨੀ ਰੁਪਿੰਦਰਜੀਤ ਕੌਰ ਸੈਣੀ, ਪੁੱਤਰ ਰਾਹੁਲ ਸੈਣੀ ਅਤੇ ਵਟਾਵੇ ਪਰਮਿੰਦਰ ਸਿੰਘ ਨੇ ਉਨ੍ਹਾਂ ’ਤੇ ਡੰਡਿਆਂ ਤੇ ਹੋਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦੇ ਡਰਾਈਵਰ ਨੇ ਉਨ੍ਹਾਂ ਨੂੰ ਰੂਪਨਗਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਦੇ ਖ਼ਿਲਾਫ਼ ਕਈ ਧਾਰਾਵਾਂ ਤਹਿਤ ਮੁਕੱਦਮਾ ਦਰਜ ਹੋਇਆ ਸੀ, ਜਿਸ ਦੇ ਸਬੰਧ ਵਿੱਚ ਅੱਜ ਅਦਾਲਤ ਨੇ ਦੋਸ਼ੀਆਂ ਨੂੰ ਸਜ਼ਾ ਸੁਣਾ ਕੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਹੈ ਅਤੇ ਇਨ੍ਹਾਂ ਵਿਅਕਤੀਆਂ ਵੱਲੋਂ ਉਨ੍ਹਾਂ ਵਿਰੁੱਧ ਝੂਠੇ ਦਰਜ ਕਰਵਾਏ ਕਰਾਸ ਕੇਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਹੈ।
ਕੇਸ ਝੂਠਾ, ਹਾਈ ਕੋਰਟ ਤੋਂ ਇਨਸਾਫ਼ ਦੀ ਉਮੀਦ: ਵਿਧਾਇਕ
ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ ‘ਆਪ’ ਵਿਧਾਇਕ ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਿਸ ਕੇਸ ਵਿੱਚ ਉਨ੍ਹਾਂ ਨੂੰ ਸਜ਼ਾ ਸੁਣਾਈ ਗਈ ਹੈ, ਉਹ ਕੇਸ ਉਨ੍ਹਾਂ ਖ਼ਿਲਾਫ਼ ਝੂਠਾ ਦਰਜ ਕੀਤਾ ਗਿਆ ਹੈ, ਕਿਉਂਕਿ ਸ਼ਿਕਾਇਤਕਰਤਾਵਾਂ ਦੇ ਰਿਸ਼ਤੇਦਾਰ ਪੁਲੀਸ ਵਿਭਾਗ ਵਿੱਚ ਹਨ। ਉਨ੍ਹਾਂ ਕਿਹਾ ਕਿ ਜਿਸ ਜਗ੍ਹਾ ਝਗੜਾ ਹੋਇਆ, ਉਹ ਜ਼ਮੀਨ ਉਨ੍ਹਾਂ ਦੇ ਕਬਜ਼ੇ ਵਿੱਚ ਹੈ ਅਤੇ ਦੂਜੀ ਧਿਰ ਹਮਲਾ ਕਰਨ ਲਈ ਉਨ੍ਹਾਂ ਦੀ ਜ਼ਮੀਨ ਵਿੱਚ ਆਈ ਸੀ ਨਾ ਕਿ ਉਹ ਗਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਦਾਲਤ ਨੇ ਜੋ ਸਜ਼ਾ ਸੁਣਾਈ ਸੀ, ਉਸ ਵਿੱਚ ਜ਼ਮਾਨਤ ਦਿੰਦੇ ਹੋਏ ਉੱਚ ਅਦਾਲਤ ਜਾਣ ਲਈ ਸਮਾਂ ਦਿੱਤਾ ਗਿਆ ਹੈ ਤੇ ਉਨ੍ਹਾਂ ਨੂੰ ਹਾਈ ਕੋਰਟ ਤੋਂ ਇਨਸਾਫ਼ ਮਿਲਣ ਦੀ ਪੂਰੀ ਉਮੀਦ ਹੈ।