ਸੰਜੀਵ ਹਾਂਡਾ
ਫ਼ਿਰੋਜ਼ਪੁਰ,10 ਮਾਰਚ
ਫ਼ਿਰੋਜ਼ਪੁਰ ਜ਼ਿਲ੍ਹੇ ਦੀਆਂ ਚਾਰੋਂ ਵਿਧਾਨਸਭਾ ਸੀਟਾਂ ’ਤੇ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਸਭ ਤੋਂ ਵੱਧ 27746 ਵੋਟਾਂ ਦੀ ਲੀਡ ਨਾਲ ਦਿਹਾਤੀ ਹਲਕੇ ਤੋਂ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਜੇਤੂ ਰਹੇ। ਉਨ੍ਹਾਂ ਨੂੰ ਕੁੱਲ 75293 ਵੋਟਾਂ ਪਈਆਂ। ਉਨ੍ਹਾਂ ਦੇ ਮੁਕਾਬਲੇ ਦੂਜੇ ਨੰਬਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੂੰ 47547 ਵੋਟਾਂ ਅਤੇ ਤੀਜੇ ਨੰਬਰ ’ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਆਸ਼ੂ ਬੰਗੜ ਨੂੰ 20396 ਵੋਟਾਂ ਪਈਆਂ। ਦੱਸ ਦਈਏ ਕਿ ਆਸ਼ੂ ਬੰਗੜ ਪਹਿਲਾਂ ਇਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਲਾਨੇ ਗਏ ਸਨ, ਪਰ ਕੁਝ ਦਿਨਾਂ ਮਗਰੋਂ ਉਹ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ।
ਫ਼ਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਤੀਜੀ ਵਾਰ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਪਰਮਿੰਦਰ ਸਿੰਘ ਪਿੰਕੀ ਵੀ ਇਸ ਵਾਰ ਚੋਦ ਹਾਰ ਗਏ। ਇਥੋਂ ‘ਆਪ’ ਦੇ ਉਮੀਦਵਾਰ ਰਣਬੀਰ ਸਿੰਘ ਭੁੱਲਰ ਨੇ ਪਰਮਿੰਦਰ ਸਿੰਘ ਪਿੰਕੀ ਨੂੰ 19212 ਵੋਟਾਂ ਤੋਂ ਵੱਧ ਦੇ ਫ਼ਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਰਣਬੀਰ ਸਿੰਘ ਭੁੱਲਰ ਨੂੰ 47997 ਵੋਟਾਂ ਪਈਆਂ ਜਦਕਿ ਪਰਮਿੰਦਰ ਸਿੰਘ ਪਿੰਕੀ ਨੂੰ 28785 ਵੋਟਾਂ ਪਈਆਂ। ਭਾਜਪਾ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਇਥੋਂ 24476 ਵੋਟਾਂ ਲੈ ਕੇ ਤੀਜੇ ਸਥਾਨ ਤੇ ਰਹੇ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਰੋਹਿਤ ਵੋਹਰਾ ਨੂੰ ਮਹਿਜ਼ 17896 ਵੋਟਾਂ ਪਈਆਂ।
ਜ਼ੀਰਾ ਹਲਕੇ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਨਰੇਸ਼ ਕਟਾਰੀਆ ਨੇ ਇਸ ਵਾਰ ਆਮ ਆਦਮੀ ਪਾਰਟੀ ਦੀ ਟਿਕਟ ਲੈ ਕੇ 61827 ਵੋਟਾਂ ਹਾਸਲ ਕੀਤੀਆਂ ਤੇ ਆਪਣੇ ਵਿਰੋਧੀਆਂ ਨੂੰ 21918 ਵੋਟਾਂ ਦੇ ਫ਼ਰਕ ਨਾਲ ਮਾਤ ਦੇ ਕੇ ਜੇਤੂ ਰਹੇ। ਇਥੋਂ ਦੂਜੇ ਨੰਬਰ ’ਤੇ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਨੂੰ 39909 ਵੋਟਾਂ ਅਤੇ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਨੂੰ 39007 ਵੋਟਾਂ ਪਈਆਂ। ਇਥੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਅਵਤਾਰ ਸਿੰਘ ਮਿੰਨਾ ਨੂੰ ਸਿਰਫ਼ 1941 ਵੋਟਾਂ ’ਤੇ ਹੀ ਸੰਤੋਖ ਕਰਨਾ ਪਿਆ।
ਹਲਕਾ ਗੁਰੂਹਰਸਹਾਏ ਵਿੱਚ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਫੌਜਾ ਸਿੰਘ ਸਰਾਰੀ 10574 ਵੋਟਾਂ ਦੇ ਫ਼ਰਕ ਨਾਲ ਜੇਤੂ ਕਰਾਰ ਦਿੱਤੇ ਗਏ। ਇਸ ਹਲਕੇ ਵਿਚੋਂ ਫੌਜਾ ਸਿੰਘ ਸਰਾਰੀ ਨੂੰ 68343 ਵੋਟਾਂ, ਸ਼੍ਰੋਮਣੀ ਅਕਾਲੀ ਦਲ ਦੇ ਵਰਦੇਵ ਸਿੰਘ ਨੋਨੀ ਮਾਨ ਨੂੰ 57769 ਵੋਟਾਂ ਅਤੇ ਭਾਜਪਾ ਉਮੀਦਵਾਰ ਗੁਰਪਰਵੇਜ਼ ਸਿੰਘ ਸ਼ੈਲੇ ਸੰਧੂ ਨੂੰ ਸਿਰਫ਼ 3988 ਵੋਟਾਂ ਹੀ ਪਈਆਂ।