ਸੰਗਰੂਰ (ਗੁਰਦੀਪ ਸਿੰਘ ਲਾਲੀ): ਜ਼ਿਲ੍ਹਾ ਪੁਲੀਸ ਨੇ ਅੱਜ ਲੁੱਟਾਂ-ਖੋਹਾਂ ਕਰਨ ਵਾਲੇ ਦੋ ਗਰੋਹਾਂ ਦੇ 7 ਮੈਂਬਰ ਗ੍ਰਿਫ਼ਤਾਰ ਕੀਤੇ ਹਨ। ਇਨ੍ਹਾਂ ’ਚੋਂ ਦੋ ਮੈਂਬਰ ਬੱਗਾ ਖਾਨ ਗਰੋਹ ਨਾਲ ਸਬੰਧਤ ਹਨ ਜਦੋਂ ਕਿ ਪੰਜ ਮੈਂਬਰ ਸਤਵੀਰ ਕੌਰ ਦੇ ਗਰੋਹ ਨਾਲ ਸਬੰਧਤ ਹਨ। ਇਥੇ ਜ਼ਿਲ੍ਹਾ ਪੁਲੀਸ ਮੁਖੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਬੱਗਾ ਅਸਲਮ ਖਾਨ ਅਤੇ ਮੁਹੰਮਦ ਸਾਜਿਦ ਨੂੰ ਆਦਮਵਾਲ ਰੋਡ, ਮਾਲੇਰਕੋਟਲਾ ਤੋਂ ਕਾਬੂ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਮੌਕੇ ਤੋਂ ਦੋ ਪਿਸਤੌਲ ਬਰਾਮਦ ਹੋਏ ਤੇ ਪੁੱਛਗਿੱਛ ਦੌਰਾਨ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਡਰੇਨ ਪੁਲ ਆਦਮਵਾਲ ਰੋਡ, ਮਾਲੇਰਕੋਟਲਾ ਦੀ ਪਟੜੀ ਕੋਲ ਝਾੜੀਆਂ ’ਚੋ 8 ਹੋਰ ਪਿਸਤੌਲ ਬਰਾਮਦ ਕੀਤੇ ਗਏ। ਇਸੇ ਤਰ੍ਹਾਂ ਸੀਆਈਏ ਸਟਾਫ਼ ਦੇ ਥਾਣੇਦਾਰ ਮੇਜਰ ਸਿੰਘ ਨੇ ਸੂਚਨਾ ਦੇ ਆਧਾਰ ’ਤੇ ਭਵਾਨੀਗੜ੍ਹ ਤੋਂ ਸਮਾਣਾ ਰੋਡ ’ਤੇ ਪੈਂਦੇ ਪੁਲ ਨਹਿਰ ਥੰਮਣ ਸਿੰਘ ਵਾਲਾ ਤੋਂ ਸਤਵੀਰ ਕੌਰ, ਰਣਜੀਤ ਸਿੰਘ, ਸੰਦੀਪ ਸਿੰਘ, ਗੁਰਜੀਤ ਸਿੰਘ ਅਤੇ ਅਮਿਤ ਤਿਆਗੀ ਨੂੰ ਕਾਬੂ ਕੀਤਾ ਹੈ। ਇਨ੍ਹਾਂ ਕੋਲੋਂ ਇੱਕ ਪਿਸਤੌਲ ਤੇ ਲੋਹੇ ਦੀਆਂ ਰਾਡਾਂ ਬਰਾਮਦ ਹੋਈਆਂ।