ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 16 ਅਗਸਤ
ਆਜ਼ਾਦੀ ਦਿਹਾੜੇ ਦੇ ਸਮਾਨਾਂਤਰ ਪ੍ਰੋਗਰਾਮ ਕਰਨ ਤੇ ਖ਼ਾਲਸਈ ਝੰਡਾ ਲਹਿਰਾਉਣ ਦੇ ਦੋਸ਼ ਹੇਠ ਪੁਲੀਸ ਨੇ ਦਲ ਖ਼ਾਲਸਾ ਦੇ 44 ਮੈਂਬਰਾਂ ਖ਼ਿਲਾਫ਼ ਧਾਰਾ 188 ਤਹਿਤ ਕੇਸ ਦਰਜ ਕੀਤਾ ਹੈ, ਜਿਨ੍ਹਾਂ ਨੂੰ ਮਗਰੋਂ ਦੇਰ ਰਾਤ ਰਿਹਾਅ ਕਰ ਦਿੱਤਾ ਗਿਆ।
ਦੱਸਣਯੋਗ ਹੈ ਕਿ ਸਰਕਾਰ ਨੇ ਦਲ ਖ਼ਾਲਸਾ ਦੇ ਇਸ ਪ੍ਰੋਗਰਾਮ ’ਤੇ ਰੋਕ ਲਾ ਦਿੱਤੀ ਸੀ, ਪਰ ਜਥੇਬੰਦੀ ਇਹ ਪ੍ਰੋਗਰਾਮ ਕਰਨ ’ਤੇ ਬਜ਼ਿੱਦ ਸੀ, ਜਿਸ ’ਤੇ ਪੁਲੀਸ ਨੇ ਬੀਤੀ ਸਵੇਰ ਆਗੂ ਕੰਵਰਪਾਲ ਸਿੰਘ, ਗੁਰਪ੍ਰੀਤ ਸਿੰਘ, ਗੁਰਨਾਮ ਸਿੰਘ, ਸੁਖਜਿੰਦਰ ਸਿੰਘ ਤੇ ਸਰਬਜੀਤ ਸਿੰਘ ਨੂੰ ਦਲ ਖਾਲਸਾ ਦੇ ਦਫ਼ਤਰ ਤੋਂ ਗ੍ਰਿਫ਼ਤਾਰ ਕਰ ਲਿਆ। ਦੂਜੇ ਪਾਸੇ ਪਾਰਟੀ ਦੇ ਸਾਬਕਾ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਦੀ ਅਗਵਾਈ ਹੇਠ ਬਾਬਾ ਹਰਦੀਪ ਸਿੰਘ ਮਹਿਰਾਜ, ਜਸਬੀਰ ਸਿੰਘ ਖੰਡੂਰ, ਗੁਰਵਿੰਦਰ ਸਿੰਘ ਬਠਿੰਡਾ, ਪਰਮਜੀਤ ਸਿੰਘ ਟਾਂਡਾ, ਪਰਮਜੀਤ ਸਿੰਘ ਮੰਡ, ਸੁਰਜੀਤ ਸਿੰਘ, ਦਿਲਬਾਗ ਸਿੰਘ ਤੇ ਹੋਰਨਾਂ ਨੇ ਪਾਰਟੀ ਦਫ਼ਤਰ ਨੇੜੇ ਖ਼ਾਲਸਈ ਝੰਡਾ ਲਹਿਰਾਉਣ ਦਾ ਯਤਨ ਕੀਤਾ, ਪਰ ਪੁਲੀਸ ਨੇ ਤੁਰੰਤ ਇਨ੍ਹਾਂ ਸਾਰੇ ਸਿੱਖ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮੌਕੇ ਖਿੱਚ-ਧੂਹ ਵੀ ਹੋਈ। ਪੁਲੀਸ ਨੇ ਖ਼ਾਲਸਈ ਝੰਡਾ ਖੋਹਣ ਦਾ ਯਤਨ ਕੀਤਾ ਪਰ ਸਿੱਖ ਆਗੂਆਂ ਨੇ ਇਸ ਦਾ ਵਿਰੋਧ ਕੀਤਾ। ਇਸ ਤੋਂ ਪਹਿਲਾਂ ਜਥੇਬੰਦੀ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੂੰ ਉਨ੍ਹਾਂ ਦੇ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਸੀ।
ਜਥੇਬੰਦੀ ਦੇ ਪ੍ਰੋਗਰਾਮ ਨੂੰ ਨਾਕਾਮ ਕਰਨ ’ਚ ਪੁਲੀਸ ਅਸਫ਼ਲ ਕਰਾਰ
ਦਲ ਖਾਲਸਾ ਦੇ ਜਲਾਵਤਨ ਆਗੂ ਗਜਿੰਦਰ ਸਿੰਘ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਪਾ ਕੇ ਲਿਖਿਆ ਕਿ ਪੁਲੀਸ, ਜਥੇਬੰਦੀ ਦੇ ਇਰਾਦੇ ਨੂੰ ਅਸਫ਼ਲ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ।