ਸ਼ਗਨ ਕਟਾਰੀਆ
ਬਠਿੰਡਾ, 11 ਜੁਲਾਈ
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਅੱਜ ਇਥੇ ਆਪਣੀਆਂ ਮੰਗਾਂ ਸਬੰਧੀ ਆਈਟੀਆਈ ਚੌਕ ਵਿਚ ਸੂਬਾ ਪੱਧਰੀ ‘ਲਲਕਾਰ ਰੈਲੀ’ ਕੀਤੀ ਗਈ। ਇਸ ਮੌਕੇ ਸੂਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ, ਕੋ-ਕਨਵੀਨਰ ਜਗਸੀਰ ਸਿੰਘ ਸਹੋਤਾ, ਅਜੀਤ ਪਾਲ ਸਿੰਘ ਜੱਸੋਵਾਲ ਅਤੇ ਕਰਮਜੀਤ ਸਿੰਘ ਤਾਮਕੋਟ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਮੌਕੇ ਮਨਪ੍ਰੀਤ ਸਿੰਘ ਬਾਦਲ ਨੇ ਐੱਨਪੀਐੱਸ ਮੁਲਾਜ਼ਮਾਂ ਨਾਲ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਵਾਅਦਾ ਕੀਤੀ ਸੀ, ਜੋ ਹਾਲੇ ਤੱਕ ਵਫ਼ਾ ਨਹੀਂ ਹੋਇਆ। ਇਸੇ ਲਈ ਉਨ੍ਹਾਂ ਵਿੱਤ ਮੰਤਰੀ ਦੇ ਹਲਕੇ ਬਠਿੰਡਾ ਵਿੱਚ ਇਹ ਰੈਲੀ ਕੀਤੀ ਹੈ।
ਕਮੇਟੀ ਆਗੂਆਂ ਜਰਨੈਲ ਸਿੰਘ ਪੱਟੀ ਅਤੇ ਬਿਕਰਮਜੀਤ ਸਿੰਘ ਨੇ ਕਿਹਾ ਕਿ ਐੱਨਪੀਐੱਸ ਸਕੀਮ ਦੇ ਮਾੜੇ ਨਤੀਜੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਤੋਂ ਸਬਕ ਲੈਂਦਿਆਂ ਸਰਕਾਰ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨੀ ਚਾਹੀਦੀ ਹੈ। ਨਿਰਮਲ ਸਿੰਘ ਮੋਗਾ, ਵਰਿੰਦਰ ਵਿੱਕੀ ਤੇ ਸੱਤ ਪ੍ਰਕਾਸ਼ ਨੇ ਕਿਹਾ ਕਿ ਛੇਵੇਂ ਪੇਅ ਕਮਿਸ਼ਨ ਵਿੱਚ ਵੀ ਪੁਰਾਣੀ ਪੈਨਸ਼ਨ ਦਾ ਜ਼ਿਕਰ ਨਹੀਂ ਕੀਤਾ ਗਿਆ। ਇਸ ਦੇ ਉਲਟ ਤਨਖਾਹ ਨੂੰ ਵੀ ਖੋਰਾ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲ ਕਰਨ ’ਤੇ ਸਰਕਾਰ ’ਤੇ ਕੋਈ ਵਿੱਤੀ ਬੋਝ ਨਹੀਂ ਪਵੇਗਾ ਸਗੋਂ ਨਿੱਜੀ ਫੰਡਾਂ ਵਿੱਚ ਪਏ ਲਗਪਗ 13 ਹਜ਼ਾਰ ਕਰੋੜ ਰੁਪਏ ਸਰਕਾਰ ਕੋਲ ਵਾਪਸ ਆ ਜਾਣਗੇ। ਦਵਿੰਦਰ ਸਿੰਘ ਬਠਿੰਡਾ, ਗੁਰਦੀਪ ਚੀਮਾ, ਦਵਿੰਦਰ ਰਹਿਲ ਨੇ ਕਿਹਾ ਕਿ ਐੱਨਪੀਐੱਸ ਮੁਲਾਜ਼ਮਾਂ ਨੂੰ ਪੈਨਸ਼ਨ ਦਾ ਸੁਫ਼ਨਾ ਵਿਖਾ ਕੇ ਉਨ੍ਹਾਂ ਦੇ ਪੈਸੇ ਜੋਖ਼ਮ ਭਰੇ ਬਾਜ਼ਾਰ ਵਿੱਚ ਲਾਉਣੇ ਜੂਆ ਖੇਡਣ ਵਾਂਗ ਹੈ। ਇਸ ਲਈ ਸਰਕਾਰ ਸੁਫ਼ਨੇ ਵਿਖਾਉਣ ਦੇ ਕਾਰਪੋਰੇਟੀ ਢੰਗ ਛੱਡੇ ਅਤੇ ਮੁਲਾਜ਼ਮਾਂ ਨੂੰ ਬਣਦੇ ਹੱਕ ਦੇਵੇ।