ਆਤਿਸ਼ ਗੁਪਤਾ
ਚੰਡੀਗੜ੍ਹ, 23 ਮਈ
ਪੰਜਾਬ ਵਿੱਚ ਕਰੋਨਾ ਵੈਕਸੀਨ ਦੀ ਘਾਟ ਨੂੰ ਪੂਰਾ ਕਰਨ ਲਈ ਸੂਬਾ ਸਰਕਾਰ ਵੱਲੋਂ ਵੱਖ ਵੱਖ ਕਰੋਨਾ ਵੈਕਸੀਨ ਨਿਰਮਾਤਾ ਕੰਪਨੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਪਰ ਕਰੋਨਾ ਵੈਕਸੀਨ ਨਿਰਮਾਤਾ ‘ਮੌਡਰਨਾ’ ਨੇ ਪੰਜਾਬ ਸਰਕਾਰ ਨੂੰ ਸਿੱਧੇ ਤੌਰ ’ਤੇ ਟੀਕੇ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਕੰਪਨੀ ਦੀ ਨੀਤੀ ਅਨੁਸਾਰ ਉਹ ਸਿਰਫ਼ ਭਾਰਤ ਸਰਕਾਰ ਨਾਲ ਹੀ ਸਮਝੌਤਾ ਕਰ ਸਕਦੇ ਹਨ ਨਾ ਕਿ ਕਿਸੇ ਸੂਬਾ ਸਰਕਾਰ ਜਾਂ ਨਿੱਜੀ ਧਿਰ ਨਾਲ। ਸੂਬੇ ਵਿੱਚ ਟੀਕਾਕਰਨ ਲਈ ਪੰਜਾਬ ਦੇ ਸਟੇਟ ਨੋਡਲ ਅਧਿਕਾਰੀ ਅਤੇ ਸੀਨੀਅਰ ਆਈਏਐੱਸ ਅਧਿਕਾਰੀ ਵਿਕਾਸ ਗਰਗ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਜਲਦ ਟੀਕਾਕਰਨ ਯਕੀਨੀ ਬਣਾਉਣ ਲਈ ਟੀਕਿਆਂ ਦੀ ਖਰੀਦ ਲਈ ਵਿਸ਼ਵ ਪੱਧਰੀ ਟੈਂਡਰ ਤੈਅ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਦੇ ਨਿਰਦੇਸ਼ ਦਿੱਤੇ ਸਨ। ਇਨ੍ਹਾਂ ’ਤੇ ਅਮਲ ਕਰਦਿਆਂ ਸਪੂਤਨਿਕ ਵੀ, ਫਾਈਜ਼ਰ, ਮੌਡਰਨਾ ਅਤੇ ਜੌਹਨਸਨ ਐਂਡ ਜੌਹਨਸਨ ਤੱਕ ਪਹੁੰਚ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ‘ਮੌਡਰਨਾ’ ਨੇ ਪੰਜਾਬ ਨੂੰ ਸਿੱਧੇ ਤੌਰ ’ਤੇ ਟੀਕੇ ਸਪਲਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਜਦਕਿ ਹੋਰਨਾਂ ਕੰਪਨੀਆਂ ਦੇ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਟੀਕਿਆਂ ਦੀ ਘਾਟ ਦੇ ਚਲਦਿਆਂ ਸੂਬਾ ਸਰਕਾਰ ਪਿਛਲੇ ਤਿੰਨ ਦਿਨਾਂ ਵਿੱਚ ਪਹਿਲੇ ਅਤੇ ਦੂਜੇ ਪੜਾਅ ਲਈ ਟੀਕਾਕਰਨ ਬੰਦ ਕਰਨੇ ਪੈ ਰਹੇ ਹਨ ਜਦਕਿ ਭਾਰਤ ਸਰਕਾਰ ਵੱਲੋਂ ਹੁਣ ਤੱਕ ਟੀਕਿਆਂ ਦੀਆਂ 44 ਲੱਖ ਤੋਂ ਘੱਟ ਖੁਰਾਕਾਂ ਮਿਲੀਆਂ ਹਨ। ਨੋਡਲ ਅਧਿਕਾਰੀ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਤੀਜੇ ਪੜਾਅ (18-44 ਉਮਰ ਵਰਗ) ਲਈ ਕੀਤੀ ਅਲਾਟਮੈਂਟ ਅਨੁਸਾਰ ਸੂਬਾ ਸਰਕਾਰ ਸਿਰਫ਼ 4.2 ਲੱਖ ਦੀ ਖੁਰਾਕ ਖਰੀਦ ਕਰਨ ਦੇ ਯੋਗ ਹੋਈ ਹੈ ਜਿਸ ਵਿੱਚ ਬੀਤੇ ਦਿਨ ਪ੍ਰਾਪਤ ਕੀਤੀਆਂ 66,000 ਖੁਰਾਕਾਂ ਵੀ ਸ਼ਾਮਲ ਹਨ। ਇਨ੍ਹਾਂ ਵਿੱਚੋਂ 3.65 ਲੱਖ ਟੀਕਿਆਂ ਦੀ ਵਰਤੋਂ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਅਤੇ ਹੁਣ ਤੱਕ 64000 ਟੀਕੇ ਹੀ ਬਚੇ ਹਨ।