ਖੇਤਰੀ ਪ੍ਰਤੀਨਿਧ
ਪਟਿਆਲਾ, 2 ਦਸੰਬਰ
ਆਪਣੀਆਂ ਮੰਗਾਂ ਦੀ ਪੂਰਤੀ ਲਈ ਪੀਫੈਕਟੋ (ਪੰਜਾਬ ਫੈਡਰੇਸ਼ਨ ਯੂਨੀਵਰਸਿਟੀ ਅਤੇ ਕਾਲਜ ਟੀਚਰਜ਼ ਓਰਗੇਨਾਈਜੇਸ਼ਨ) ਦੇ ਰਾਜ ਵਿਆਪੀ ਸੱਦੇ ’ਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅਧਿਆਪਕਾ ਨੇ ਅੱਜ ਕਲਾਸਾਂ ਦਾ ਬਾਈਕਾਟ ਕੀਤਾ ਅਤੇ ਹੋਰ ਅਕਾਦਮਿਕ ਗਤੀਵਿਧੀਆਂ ’ਤੇ ਆਧਾਰਿਤ ਕੰਮਕਾਜ ਵੀ ਠੱਪ ਰੱਖਿਆ। ਅਧਿਆਪਕਾਂ ਵੱਲੋਂ ਸੱੱਤਵੇਂ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਹ ਅਧਿਆਪਕਾਂ ਦੀ ਨਵੀਂ ਭਰਤੀ ਦੌਰਾਨ ਪੰਜਾਬ ਸਰਕਾਰ ਵੱਲੋਂ ਪੇਅ ਸਕੇਲ ਯੂਜੀਸੀ ਨਾਲੋਂ ਡੀ-ਲਿੰਕ ਕਰਨ ਦਾ ਵੀ ਵਿਰੋਧ ਕਰ ਰਹੇ ਹਨ। ਇਨ੍ਹਾਂ ਮੰਗਾਂ ਦੀ ਪੂਰਤੀ ਨੂੰ ਲੈ ਕੇ ਹੀ ਪੀਫੈਕਟੋ ਵੱਲੋਂ ਸੂਬਾਈ ਪ੍ਰਧਾਨ ਐੱਚਐੱਸ ਕਿੰਗਰਾ ਦੀ ਅਗਵਾਈ ਹੇਠਾਂ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿਰਫ਼ ਪੰਜਾਬ ਹੀ ਅਜਿਹਾ ਸੂਬਾ ਹੈ, ਜਿਥੇ ਅਜੇ ਤੱਕ ਸੱਤਵਾਂ ਪੇਅ ਸਕੇਲ ਲਾਗੂ ਨਹੀਂ ਕੀਤਾ ਗਿਆ। ਇਸ ਦੇ ਰੋਸ ਵਜੋਂ ਹੀ ਪੀਫੈਕਟੋ ਵੱੱਲੋਂ ਅੱਜ ਦਸੰਬਰ ਤੋਂ ਪੰਜਾਬ ਦੇ ਸਮੂਹ ਯੂਨੀਵਰਸਿਟੀ ਅਤੇ ਕਾਲਜ ਅਧਿਆਪਕਾਂ ਨੂੰ ਕਲਾਸਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ ਸੀ। ਪੰਜਾਬ ਗੌਰਮਿੰਟ ਟੀਚਰ ਯੂਨੀਅਨ ਦੇ ਸੂਬਾਈ ਪ੍ਰਧਾਨ ਪ੍ਰੋ. ਬਲਜਿੰਦਰ ਸਿੰਘ ਟੌਹੜਾ ਦਾ ਕਹਿਣਾ ਸੀ ਕਿ ਇਸ ਸੱਦੇ ਦੇ ਤਹਿਤ ਰਾਜ ਦੇ ਸਮੂਹ 64 ਸਰਕਾਰੀ ਕਾਲਜਾਂ ਦੇ ਅਧਿਆਪਕਾ ਨੇ ਅੱਜ ਨਾ ਹੀ ਕਲਾਸਾਂ ਲਈਆਂ ਅਤੇ ਨਾ ਹੀ ਕਿਸੇ ਹੋਰ ਅਕਾਦਮਿਕ ਗਤੀਵਿਧੀ ’ਚ ਹਿੱਸਾ ਲਿਆ। ਟੌਹੜਾ ਅਨੁਸਾਰ ਰਾਜ ਵਿਚਲੇ ਡੇਢ ਸੌ ਦੇ ਕਰੀਬ ਏਡਿਡ ਕਾਲਜਾਂ ਦੇ ਅਧਿਆਪਕ ਵੀ ਅੱਜ ਦੇ ਸੰਘਰਸ਼ ਦਾ ਹਿੱੱਸਾ ਰਹੇ।