ਜੋਗਿੰਦਰ ਸਿੰਘ ਮਾਨ
ਮਾਨਸਾ, 6 ਮਈ
ਪੰਜਾਬ ਦੇ ਪੰਜ ਤਾਪ ਘਰਾਂ ਵੱਲੋਂ ਭਾਵੇਂ ਅੱਜ 3740 ਮੈਗਾਵਾਟ ਬਿਜਲੀ ਹੀ ਪੈਦਾ ਕੀਤੀ ਗਈ। ਪ੍ਰਾਪਤ ਵੇਰਵਿਆਂ ਅਨੁਸਾਰ ਸੂਬੇ ਦੇ ਸਰਕਾਰੀ ਥਰਮਲਾਂ ਵੱਲੋਂ 1122 ਮੈਗਾਵਾਟ ਤੇ ਪ੍ਰਾਈਵੇਟ ਥਰਮਲਾਂ ਵੱਲੋਂ ਕੁੱਲ 2618 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ ਹੈ। ਪਿੰਡ ਬਣਾਂਵਾਲਾ ਸਥਿਤ ਤਲਵੰਡੀ ਸਾਬੋ ਪਾਵਰ ਲਿਮਟਿਡ ਵੱਲੋਂ ਅੱਜ 1073 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ, ਜਦਕਿ ਬੰਦ ਪਿਆ ਯੂਨਿਟ ਨੰਬਰ-2 ਪ੍ਰਬੰਧਕਾਂ ਨੇ ਛੇਤੀ ਚਾਲੂ ਕਰਨ ਦਾ ਦਾਅਵਾ ਕੀਤਾ ਹੈ। 920 ਮੈਗਾਵਾਟ ਦੀ ਸਮਰੱਥਾ ਵਾਲੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵੱਲੋਂ ਅੱਜ 588 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ ਤੇ ਯੂਨਿਟ ਨੰਬਰ-1 ਅੱਜ ਵੀ ਬੰਦ ਰਿਹਾ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਯੂਨਿਟ ਨੰਬਰ-3 ਵੱਲੋਂ 186, ਯੂਨਿਟ ਨੰਬਰ-5 ਅੱਜ ਵੀ ਬੰਦ ਰਹੇ, ਜਦਕਿ ਅੱਜ ਮੁੜ ਚਾਲੂ ਹੋਏ ਯੂਨਿਟ ਨੰਬਰ-4 ਨੇ 153 ਤੇ ਯੂਨਿਟ- 6 ਵੱਲੋਂ 197 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਗੋਇੰਦਵਾਲ ਸਾਹਿਬ ਪਾਵਰ ਪਲਾਂਟ ਦਾ ਯੂਨਿਟ ਨੰਬਰ-1 ਹਾਲੇ ਵੀ ਬੰਦ ਹੈ ਤੇ ਯੂਨਿਟ ਨੰਬਰ-2 ਵੱਲੋਂ ਅੱਜ ਸਿਰਫ਼ 206 ਮੈਗਾਵਾਟ ਹੀ ਬਿਜਲੀ ਪੈਦਾ ਕੀਤੀ ਗਈ। ਪ੍ਰਾਈਵੇਟ ਖੇਤਰ ਦੇ ਐੱਲ ਐਂਡ ਟੀ ਕੰਪਨੀ ਦੇ ਰਾਜਪੁਰਾ ਸਥਿਤ ਤਾਪ ਘਰ ਨੇ 1339 ਮੈਗਾਵਾਟ ਬਿਜਲੀ ਪੈਦਾ ਕੀਤੀ ਹੈ।
ਘਨੌਲੀ (ਜਗਮੋਹਨ ਸਿੰਘ): ਪਿਛਲੇ ਦਿਨੀਂ ਪਏ ਮੀਂਹ ਮਗਰੋਂ ਬਿਜਲੀ ਦੀ ਘਟੀ ਮੰਗ ਕਾਰਨ ਬੰਦ ਕੀਤਾ ਗਿਆ ਰੂਪਨਗਰ ਥਰਮਲ ਪਲਾਂਟ ਦਾ 4 ਨੰਬਰ ਯੂਨਿਟ ਅੱਜ ਬਿਜਲੀ ਦੀ ਮੰਗ ਆਉਣ ’ਤੇ ਥਰਮਲ ਪ੍ਰਬੰਧਕਾਂ ਵੱਲੋਂ ਮੁੜ ਚਾਲੂ ਕਰ ਦਿੱਤਾ ਗਿਆ ਹੈ। ਥਰਮਲ ਪਲਾਂਟ ਦੇ ਮੁੱਖ ਇੰਜਨੀਅਰ ਰਵੀ ਵਧਵਾ ਨੇ ਦੱਸਿਆ ਕਿ ਥਰਮਲ ਪਲਾਂਟ ਦੇ ਭੰਡਾਰ ਵਿੱਚ ਪੰਜ ਦਿਨਾਂ ਦਾ ਕੋਲਾ ਬਾਕੀ ਹੈ।