ਜੋਗਿੰਦਰ ਸਿੰਘ ਮਾਨ
ਮਾਨਸਾ, 9 ਮਈ
ਪੰਜਾਬ ਦੇ ਮਾਲਵਾ ਖੇਤਰ ਵਿੱਚ ਜਦੋਂ ਨਰਮੇ ਦੀ ਬਿਜਾਈ ਦਾ ਪੂਰਾ ਜ਼ੋਰ ਚੱਲ ਰਿਹਾ ਹੈ ਤਾਂ ਬਿਜਲੀ ਉਤਪਾਦਨ ਦੀ ਵੱਡੀ ਕਮੀ ਕਾਰਨ ਕਿਸਾਨਾਂ ਲਈ ਸਮੱਸਿਆ ਖੜ੍ਹੀ ਹੋਣ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਬਿਜਲੀ ਕੱਟਾਂ ਦੀ ਮਾਰ ਝੱਲਣੀ ਪੈ ਰਹੀ ਹੈ। ਮਾਲਵਾ ਖੇਤਰ ਦੇ ਸਰਕਾਰੀ ਅਧਿਕਾਰ ਵਾਲੇ ਸਭ ਤੋਂ ਵੱਡੇ ਤਾਪ ਘਰ ਗੁਰੂ ਹਰਗੋਬਿੰਦ ਸਿੰਘ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਦੋ ਯੂਨਿਟ ਅੱਜ ਬੰਦ ਰਹੇ ਤੇ ਇਸ ਤਾਪ ਘਰ ਵੱਲੋਂ 920 ਮੈਗਾਵਾਟ ’ਚੋਂ 305 ਮੈਗਾਵਾਟ ਬਿਜਲੀ ਉਤਪਾਦਨ ਹੀ ਕੀਤਾ ਗਿਆ। ਇਸੇ ਤਰ੍ਹਾਂ ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿੱਚ ਤਲਵੰਡੀ ਸਾਬੋ ਪਾਵਰ ਲਿਮਿਟਡ ਦਾ ਲੰਮੇ ਸਮੇਂ ਤੋਂ ਬੰਦ ਚੱਲਿਆ ਆ ਰਿਹਾ ਇੱਕ ਯੂਨਿਟ ਹਾਲੇ ਵੀ ਚਾਲੂ ਨਾ ਹੋ ਸਕਿਆ, ਜਿਸ ਕਾਰਨ ਇਸ ਤਾਪ ਘਰ ਵੱਲੋਂ 1980 ਮੈਗਾਵਾਟ ’ਚੋਂ 1117 ਮੈਗਾਵਾਟ ਬਿਜਲੀ ਹੀ ਪੈਦਾ ਕੀਤੀ ਗਈ। ਪ੍ਰਾਪਤ ਵੇਰਵਿਆਂ ਮੁਤਾਬਕ ਪੰਜਾਬ ਵਿੱਚ ਸਰਕਾਰੀ ਤਾਪ ਘਰਾਂ ਵੱਲੋਂ ਅੱਜ ਕੁੱਲ 888 ਮੈਗਾਵਾਟ ਤੇ ਪ੍ਰਾਈਵੇਟ ਤਾਪਘਰਾਂ ਵੱਲੋਂ 2662 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ, ਜੋ ਕੁੱਲ 3550 ਮੈਗਾਵਾਟ ਹੀ ਬਣਦੀ ਹੈ। ਮਾਲਵਾ ਖੇਤਰ ਦੇ ਸਰਕਾਰੀ ਅਗਵਾਈ ਵਾਲੇ 920 ਮੈਗਾਵਾਟ ਦੀ ਸਮਰੱਥਾ ਵਾਲੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵੱਲੋਂ ਅੱਜ 305 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਇਸ ਤਾਪਘਰ ਦਾ ਯੂਨਿਟ ਨੰਬਰ-1 ਤੇ 4 ਅੱਜ ਬੰਦ ਰਹੇ ਤੇ ਭਖੇ ਹੋਏ ਯੂਨਿਟ ਨੰਬਰ-2 ਵੱਲੋਂ 133, ਯੂਨਿਟ ਨੰਬਰ-3 ਵੱਲੋਂ 172 ਮੈਗਾਵਾਟ ਬਿਜਲੀ ਪੈਦਾਵਾਰ ਕੀਤੀ ਗਈ ਹੈ। ਇਸੇ ਦੌਰਾਨ ਗੋਇੰਦਵਾਲ ਸਾਹਿਬ ਪਾਵਰ ਪਲਾਂਟ ਦਾ ਯੂਨਿਟ ਨੰਬਰ-1, ਜੋ ਲੰਮੇ ਸਮੇਂ ਤੋਂ ਬੰਦ ਚੱਲਿਆ ਆ ਰਿਹਾ ਹੈ, ਉਸ ਵਿੱਚ ਕੋਈ ਸੁਧਾਰ ਨਹੀਂ ਹੋਇਆ। ਇਸ ਦੇ ਯੂਨਿਟ ਨੰਬਰ-2 ਵੱਲੋਂ ਅੱਜ ਸਿਰਫ਼ 209 ਮੈਗਾਵਾਟ ਬਿਜਲੀ ਹੀ ਪੈਦਾ ਕੀਤੀ ਗਈ, ਜਦਕਿ ਇਸ ਦੀ ਕੁੱਲ ਸਮਰੱਥਾ 540 ਮੈਗਾਵਾਟ ਦੀ ਹੈ। ਪ੍ਰਾਈਵੇਟ ਖੇਤਰ ਦੇ ਐੱਲ ਐਂਡ ਟੀ ਕੰਪਨੀ ਦੇ ਰਾਜਪੁਰਾ ਵਿੱਚ ਲੱਗੇ ਤਾਪਘਰ ਨੇ 1400 ਮੈਗਾਵਾਟ ’ਚੋਂ 1336 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ ਹੈ। ਇਸੇ ਦੇ ਯੂਨਿਟ-1 ਅਤੇ 2 ਵੱਲੋਂ ਕ੍ਰਮਵਾਰ 676 ਅਤੇ 660 ਮੈਗਾਵਾਟ ਬਿਜਲੀ ਸਪਲਾਈ ਕੀਤੀ ਗਈ।
ਥਰਮਲ ਪਲਾਂਟ ਰੂਪਨਗਰ ਦਾ ਪੰਜ ਨੰਬਰ ਯੂਨਿਟ ਮਘਿਆ
ਘਨੌਲੀ (ਪੱਤਰ ਪ੍ਰੇਰਕ): ਪਿਛਲੇ ਦਿਨੀਂ ਸਾਲਾਨਾ ਮੁਰੰਮਤ ਉਪਰੰਤ ਕੁਝ ਦਿਨ ਚੱਲ ਕੇ ਤਕਨੀਕੀ ਨੁਕਸ ਕਾਰਨ ਬੰਦ ਹੋਇਆ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦਾ 5 ਨੰਬਰ ਯੂਨਿਟ ਅੱਜ ਪ੍ਰਬੰਧਕਾਂ ਨੇ ਦੁਬਾਰਾ ਚਾਲੂ ਕਰਨ ਲਈ ਮਘਾ ਲਿਆ ਹੈ। ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਤਿੰਨ ਯੂਨਿਟ 588 ਮੈਗਾਵਾਟ ਬਿਜਲੀ ਦਾ ਉਤਪਾਦਨ ਕਰ ਰਹੇ ਸਨ, ਜਿਨ੍ਹਾਂ ਵਿੱਚੋਂ ਯੂਨਿਟ ਨੰਬਰ 3 ਤੋਂ 188, ਨੰਬਰ 4 ਤੋਂ 201 ਅਤੇ ਯੂਨਿਟ ਨੰਬਰ 6 ਤੋਂ 199 ਮੈਗਾਵਾਟ ਬਿਜਲੀ ਦੀ ਪੈਦਾਵਾਰ ਹੋ ਰਹੀ ਸੀ। ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਮੁੱਖ ਇੰਜੀਨੀਅਰ ਰਵੀ ਵਧਵਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਥਰਮਲ ਪਲਾਂਟ ਦਾ 5 ਨੰਬਰ ਯੂਨਿਟ ਮਘਾ ਲਿਆ ਗਿਆ ਹੈ ਅਤੇ ਇਹ ਅੱਜ ਦੇਰ ਰਾਤ ਤੱਕ ਬਿਜਲੀ ਦਾ ਉਤਪਾਦਨ ਸ਼ੁਰੂ ਕਰ ਦੇਵੇਗਾ। ਉਨ੍ਹਾਂ ਦੱਸਿਆ ਕਿ ਕੋਲੇ ਦੀ ਆਮਦ ਅਤੇ ਖਪਤ ਵਿੱਚ ਪਾੜ੍ਹਾ ਵਧਦਾ ਜਾ ਰਿਹਾ ਹੈ ਤੇ ਹੁਣ ਥਰਮਲ ਪਲਾਂਟ ਰੂਪਨਗਰ ਕੋਲ ਸਿਰਫ ਸਾਢੇ ਕੁ ਤਿੰਨ ਦਿਨਾਂ ਲਈ ਕੋਲੇ ਦਾ ਭੰਡਾਰ ਮੌਜੂਦ ਹੈ।