ਪੱਤਰ ਪ੍ਰੇਰਕ
ਬਸੀ ਪਠਾਣਾਂ, 7 ਜਨਵਰੀ
ਲੰਘੇ ਦਸੰਬਰ ਮਹੀਨੇ ਪਿੰਡ ਕਲੌੜ ਵਿਖੇੇ ਬੇਔਲਾਦ ਮ੍ਰਿਤਕ ਜੋੜੇ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕਥਿਤ ਕੋਸ਼ਿਸ਼ ਨੂੰ ਲੈ ਕੇ ਹੋਏ ਲੜਾਈ ਝਗੜੇ ਦੇ ਮਾਮਲੇ ’ਚ ਨਾਮਜ਼ਦ ਕੀਤੇ ਗਏ ਵਿਅਕਤੀਆਂ ਨੂੰ ਬਸੀ ਪਠਾਣਾਂ ਪੁਲੀਸ ਵੱਲੋਂ ਇਰਾਦਾ ਕਤਲ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਹੈ। ਮਲਾਗਰ ਸਿੰਘ ਨੇ ਬਸੀ ਪਠਾਣਾਂ ਪੁਲੀਸ ਨੂੰ ਦਿੱਤੀ ਗਈ ਸ਼ਿਕਾਇਤ ’ਚ ਦੱਸਿਆ ਗਿਆ ਸੀ ਕਿ ਬਲਦੇਵ ਸਿੰਘ ਵਾਸੀ ਪਿੰਡ ਕਲੌੜ ਨਾਲ ਉਸ ਦੀ ਭੈਣ ਵਿਆਹੀ ਹੋਈ ਸੀ ਜਿਨ੍ਹਾਂ ਦੇ ਕੋਈ ਔਲਾਦ ਨਹੀਂ ਸੀ ਤੇ ਉਨਾਂ ਦੀ ਸਾਂਭ-ਸੰਭਾਲ ਮਲਾਗਰ ਸਿੰਘ ਦੇ ਪਰਿਵਾਰ ਵੱਲੋਂ ਹੀ ਕੀਤੀ ਜਾਂਦੀ ਸੀ ਜਿਸ ’ਤੇ ਬਲਦੇਵ ਸਿੰਘ ਨੇ ਮਰਨ ਤੋਂ ਪਹਿਲਾਂ ਪਿੰਡ ਕਲੌੜ ਸਥਿਤ ਆਪਣੀ ਜਾਇਦਾਦ ਦੀ ਵਸੀਅਤ ਮਲਾਗਰ ਸਿੰਘ ਅਤੇ ਉਸ ਦੇ ਭਰਾਵਾਂ ਦੇ ਨਾਮ ਕਰ ਦਿੱਤੀ ਸੀ ਤੇ ਬਲਦੇਵ ਸਿੰਘ ਦੀ ਮੌਤ ਤੋਂ ਬਾਅਦ ਮਿਤੀ 8 ਦਸੰਬਰ ਨੂੰ ਮਲਾਗਰ ਸਿੰਘ ਪਿੰਡ ਕਲੌੜ ਸਥਿਤ ਜ਼ਮੀਨ ’ਚ ਬੀਜੀ ਹੋਈ ਕਣਕ ਨੂੰ ਜਦੋਂ ਪਾਣੀ ਲਾਉਣ ਆਪਣੇ ਰਿਸ਼ਤੇਦਾਰ ਤਰਨਜੀਤ ਸਿੰਘ ਨਾਲ ਗਿਆ ਤਾਂ ਕਥਿਤ ਵਿਅਕਤੀਆਂ ਗੁਰਮੀਤ ਸਿੰਘ, ਚਰਨਜੀਤ ਸਿੰਘ, ਰਣਬੀਰ ਸਿੰਘ, ਰਜਿੰਦਰ ਸਿੰਘ ਅਤੇ ਅਣਪਛਾਤੇ ਵਿਅਕਤੀਆਂ ਨੇ ਸ਼ਿਕਾਇਤਕਰਤਾ ਅਤੇ ਤਰਨਜੀਤ ਸਿੰਘ ’ਤੇ ਹਮਲਾ ਕਰਕੇ ਉਨਾਂ ਨੂੰ ਜ਼ਖਮੀ ਕਰ ਦਿੱਤਾ। ਇਸ ਮਾਮਲੇ ’ਚ ਹੀ ਇਹ ਗਿ੍ਫ਼ਤਾਰੀ ਹੋਈ ਹੈ।