ਮਹਿੰਦਰ ਸਿੰਘ ਰੱਤੀਆਂ
ਮੋਗਾ, 10 ਸਤੰਬਰ
ਸੂਬੇ ’ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਤੇ ਨਿਆਂਪ੍ਰਣਾਲੀ ਦੀ ਘੁਰਕੀ ਮਗਰੋਂ ਪੁਲੀਸ ਨੇ ਕਰੀਬ 25 ਹਜ਼ਾਰ ਭਗੌੜੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਸ਼ਾ ਤਸਕਰੀ ਸਮੇਤ ਹੋਰ ਕੇਸਾਂ ’ਚ ਵਿਦੇਸ਼ ਜਾ ਵਸੇ ਅਤੇ ਦੂਜੇ ਸੂਬਿਆਂ ਦੇ ਦਹਾਕਿਆਂ ਤੋਂ ਭਗੌੜੇ ਮੁਲਜ਼ਮ ਪੁਲੀਸ ਲਈ ਵੱਡੀ ਚੁਣੌਤੀ ਹਨ। ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹਿਣ ’ਤੇ ਨਿਆਂਪ੍ਰਣਾਲੀ ਨੇ ਪੁਲੀਸ ਦੀ ਖਿਚਾਈ ਕੀਤੀ ਹੈ। ਫ਼ਰੀਦਕੋਟ ਰੇਂਜ ਦੇ ਡੀਆਈਜੀ ਸੁਰਜੀਤ ਸਿੰਘ ਅਤੇ ਜ਼ਿਲ੍ਹਾ ਪੁਲੀਸ ਮੁਖੀ ਧਰੁਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਨਿਆਂਪ੍ਰਣਾਲੀ ਦੀਆਂ ਹਦਾਇਤਾਂ ’ਤੇ ਭਗੌੜੇ ਅਪਰਾਧੀਆਂ ਖ਼ਿਲਾਫ਼ ਨਵੀਆਂ ਐੱਫਆਈਆਰ ਦਰਜ ਕੀਤੀਆਂ ਜਾ ਰਹੀਆਂ ਹਨ। ਮੋਗਾ ਜ਼ਿਲ੍ਹੇ ਵਿੱਚ ਕਰੀਬ 350 ਭਗੌੜਿਆਂ ਦੀ ਪਛਾਣ ਹੋ ਚੁੱਕੀ ਹੈ। ਇਸ ਤੋਂ ਇਲਾਵਾ ਸਬੰਧਤ ਅਦਾਲਤਾਂ ਕੋਲੋਂ ਹੋਰ ਰਿਕਾਰਡ ਹਾਸਲ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਰਣਨੀਤੀ ਉਲੀਕੀ ਜਾ ਰਹੀ ਹੈ। ਵਿਭਾਗ ਕੋਲ ਭਗੌੜੇ ਮੁਲਜ਼ਮਾਂ ਦੀ ਸੂਚੀ ਤਾਂ ਹੈ ਪਰ ਉਨ੍ਹਾਂ ਕੋਲ ਇਹ ਜਾਣਕਾਰੀ ਨਹੀਂ ਹੈ ਕਿ ਇਨ੍ਹਾਂ ’ਚੋਂ ਕਿੰਨੇ ਜਿਉਂਦੇ ਤੇ ਕਿੰਨੇ ਮਰ ਚੁੱਕੇ ਹਨ। ਹਰ ਸਾਲ ਭਗੌੜਿਆਂ ਦੀ ਗਿਣਤੀ ਵੱਧ ਰਹੀ ਹੈ। ਜ਼ਿਕਰਯੋਗ ਹੈ ਕਿ ਸਾਲ 2016 ’ਚ ਅਕਾਲੀ-ਭਾਜਪਾ ਗੱਠਜੋੜ ਹਕੂਮਤ ਵੇਲੇ ਭਗੌੜੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਇਨਾਮੀ ਮੁਹਿੰਮ ਵਿੱਢੀ ਗਈ ਸੀ ਅਤੇ ਮੌਜੂਦਾ ਹਾਕਮ ਧਿਰ ਨੇ ਪੁਲੀਸ ਵਿਭਾਗ ਦੇ ਸਿਆਸੀਕਰਨ ਦਾ ਦੋਸ਼ ਲਗਾਇਆ ਸੀ। ਕਰੀਬ ਛੇ ਮਹੀਨੇ ਬਾਅਦ ਸੂਬੇ ’ਚ ਕਾਂਗਰਸ ਦੀ ਸਰਕਾਰ ਬਣ ਗਈ ਤਾਂ 26 ਅਕਤੂਬਰ 2016 ਨੂੰ ਪੁਲੀਸ ਵਿਭਾਗ ਦੇ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਗੰਭੀਰ ਅਪਰਾਧਾਂ ’ਚ ਸ਼ਾਮਲ ਭਗੌੜਿਆਂ ਨੂੰ ਕਾਬੂ ਕਰਨ ਲਈ ਐਲਾਨੀ ਇਨਾਮੀ ਰਾਸ਼ੀ ਮਾਮਲੇ ’ਤੇ ਅਮਲ ਨਹੀਂ ਹੋ ਸਕਿਆ।