ਪੱਤਰ ਪ੍ਰੇਰਕ
ਚੰਡੀਗੜ੍ਹ, 25 ਅਕਤੂਬਰ
ਦੀਵਾਲੀ ਦੀ ਰਾਤ ਚੰਡੀਗੜ੍ਹ ਸਣੇ ਗੁਆਂਢੀ ਸੂਬਿਆਂ ਵਿੱਚੋਂ ਪਟਾਕੇ ਚਲਾਉਣ ਕਾਰਨ ਵਾਪਰੀਆਂ ਘਟਨਾਵਾਂ ’ਚ ਕਈ ਬੱਚਿਆਂ ਦੀਆਂ ਅੱਖਾਂ, ਹੱਥ ਅਤੇ ਹੋਰ ਅੰਗਾਂ ਨੂੰ ਨੁਕਸਾਨ ਪੁੱਜਿਆ। ਇਸ ਵਾਰ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਆਤਿਸ਼ਬਾਜ਼ੀ ਕਾਰਨ ਹੋਣ ਵਾਲੀਆਂ ਘਟਨਾਵਾਂ ਜ਼ਿਆਦਾ ਵਾਪਰੀਆਂ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਪੀਜੀਆਈ ਦੇ ‘ਐਡਵਾਂਸਡ ਆਈ ਸੈਂਟਰ’ ਵਿੱਚ ਦੀਵਾਲੀ ਵਾਲੀ ਰਾਤ ਨੂੰ ਪਟਾਕੇ ਚਲਾਉਣ ਕਾਰਨ ਵਾਪਰੀਆਂ ਵੱਖ-ਵੱਖ ਘਟਨਾਵਾਂ ਦੇ 28 ਮਰੀਜ਼ ਇਲਾਜ ਲਈ ਪਹੁੰਚੇ, ਜਿਨ੍ਹਾਂ ਵਿੱਚੋਂ ਵਧੇਰੇ ਮਰੀਜ਼ਾਂ ਦੀਆਂ ਅੱਖਾਂ ਵਿੱਚ ਗੰਭੀਰ ਜ਼ਖ਼ਮ ਹੋ ਗਏ ਹਨ। ਇਨ੍ਹਾਂ ਵਿੱਚੋਂ ਵਧੇਰੇ ਛੋਟੀ ਉਮਰ ਦੇ ਬੱਚੇ ਹਨ। ਇਨ੍ਹਾਂ ਵਿੱਚੋਂ ਪੰਜਾਬ ਤੋਂ ਤਿੰਨ ਮਰੀਜ਼, ਹਰਿਆਣਾ ਤੋਂ ਪੰਜ ਅਤੇ ਹਿਮਾਚਲ ਪ੍ਰਦੇਸ਼ ਤੋਂ 3 ਮਰੀਜ਼ ਪੀਜੀਆਈ ਦੀ ਐਮਰਜੈਂਸੀ ਵਿੱਚ ਇਲਾਜ ਲਈ ਲਿਆਂਦੇ ਗਏ। ਗੰਭੀਰ ਮਰੀਜ਼ਾਂ ਵਿੱਚੋਂ ਚਾਰ ਮਰੀਜ਼ਾਂ ਨੂੰ ਪਲਾਸਟਿਕ ਸਰਜਰੀ ਲਈ ਐਡਵਾਂਸਡ ਟਰੌਮਾ ਸੈਂਟਰ ਵਿੱਚ ਭੇਜਿਆ ਗਿਆ।