ਜੈਸਮੀਨ ਭਾਰਦਵਾਜ
ਨਾਭਾ, 23 ਜੂਨ
ਨਾਭਾ ਦੇ ਬੀਡੀਪੀਓ ਵਰਿੰਦਰ ਕੁਮਾਰ ਨੇ ਸ਼ਿਕਾਇਤ ਮਗਰੋਂ ਪੜਤਾਲ ਕਰਕੇ ਕੱਲਾ ਮਾਜਰਾ ਪਿੰਡ ਦੇ ਛੇ ਵਿਅਕਤੀਆਂ ਨੂੰ ਬਿਨਾਂ ਕੰਮ ਕੀਤਿਆਂ ਮਨਰੇਗਾ ’ਚੋਂ ਦਿਹਾੜੀ ਲੈਣ ਦਾ ਕਸੂਰਵਾਰ ਠਹਿਰਾਇਆ ਤੇ ਉਨ੍ਹਾਂ ਨੂੰ ਇਹ ਪੈਸੇ ਵਾਪਸ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿੱਤੇ। ਇਨ੍ਹਾਂ ਛੇ ਵਿਅਕਤੀਆਂ ਵਿੱਚ ਪਿੰਡ ਦੇ ਸਰਪੰਚ ਦੇ ਨੂੰਹ ਪੁੱਤਰ ਤੋਂ ਇਲਾਵਾ ਦੋ ਪੰਚ ਵੀ ਸ਼ਾਮਲ ਹਨ। ਬੀਡੀਪੀਓ ਦੇ ਹੁਕਮ ਦੀ ਕਾਪੀ ਅਨੁਸਾਰ ਇਨ੍ਹਾਂ ਵਿਅਕਤੀਆਂ ਦੇ ਨਾਮ ’ਤੇ ਖਾਤੇ ਵਿੱਚ ਕੁੱਲ 200 ਤੋਂ ਵੱਧ ਦਿਹਾੜੀਆਂ ਦੇ 56 ਹਜ਼ਾਰ ਰੁਪਏ ਬਿਨਾਂ ਕੰਮ ਕਰੇ ਪਾਏ ਗਏ।
ਡੈਮੋਕ੍ਰੇਟਿਕ ਮਨਰੇਗਾ ਫਰੰਟ ਦੀ ਬਲਾਕ ਪ੍ਰਧਾਨ ਕੁਲਵੰਤ ਕੌਰ ਨੇ ਕਿਹਾ ਕਿ ਇਹ ਪੈਸੇ ਤਕਨੀਕੀ ਸਹਾਇਕ ਵੱਲੋਂ ਕੀਤੇ ਕੰਮ ਦੀ ਮਿਣਤੀ ਤੋਂ ਬਿਨਾਂ ਨਹੀਂ ਪੈਂਦੇ ਪਰ ਮਹਿਕਮੇ ਵੱਲੋਂ ਆਪਣੇ ਮੁਲਾਜ਼ਮਾਂ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਇਸ ’ਤੇ ਬੀਡੀਪੀਓ ਵਰਿੰਦਰ ਕੁਮਾਰ ਨੇ ਕਿਹਾ ਕਿ ਮਨਰੇਗਾ ਪੰਚਾਇਤ ਨੇ ਹੀ ਚਲਾਉਣੀ ਹੁੰਦੀ ਹੈ, ਇੱਕ ਜੀਆਰਐੱਸ ਤੇ ਤਕਨੀਕੀ ਸਹਾਇਕ ਕੋਲ ਵੀਹ ਵੀਹ ਪਿੰਡ ਹਨ, ਉਹ ਸਭ ਥਾਂ ਜਾ ਕੇ ਦੇਖ-ਰੇਖ ਨਹੀਂ ਕਰ ਸਕਦੇ।
ਪਿੰਡ ਦੇ ਮਨਰੇਗਾ ਵਰਕਰ ਜੀਤ ਸਿੰਘ ਦਾ ਕਹਿਣਾ ਹੈ ਕਿ ਕੰਮ ਕਰਨ ਵਾਲੇ ਮਜ਼ਦੂਰਾਂ ਵੱਲੋਂ ਵਾਰੀ ਵਾਰੀ ਮੰਗ ਦਰਜ ਕਰਾਉਣ ਦੇ ਬਾਵਜੂਦ ਨਾ ਕੰਮ ਦਿੱਤਾ ਜਾਂਦਾ ਹੈ ਅਤੇ ਨਾ ਬੇਰੁਜ਼ਗਾਰੀ ਭੱਤਾ।
ਮੇਰੇ ਨੂੰਹ-ਪੁੱਤ ਨੇ ਨਰੇਗਾ ਵਿੱਚ ਕੰਮ ਕੀਤਾ: ਸਰਪੰਚ
ਸਰਪੰਚ ਬਲਜਿੰਦਰ ਸਿੰਘ ਨੇ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਤੇ ਕਿਹਾ ਕਿ ਉਹ ਛੋਟੇ ਕਿਸਾਨ ਹਨ ਜਿਸ ਕਰਕੇ ਉਨ੍ਹਾਂ ਦਾ ਨੂੰਹ-ਪੁੱਤਰ ਮਨਰੇਗਾ ’ਚ ਦਿਹਾੜੀ ਕਰਦੇ ਹਨ ਤੇ ਉਨ੍ਹਾਂ ਨੂੰ ਕੰਮ ਕਰਨ ਉਪਰੰਤ ਹੀ ਇਹ ਪੈਸੇ ਮਿਲੇ। ਉਨ੍ਹਾਂ ਕਿਹਾ ਕਿ ਉਹ ਕਾਂਗਰਸੀ ਆਗੂ ਹਨ ਜਿਸ ਕਰਕੇ ਉਨ੍ਹਾਂ ਨੂੰ ਸਰਪੰਚੀ ਤੋਂ ਹਟਾਉਣ ਦੇ ਯਤਨ ਕੀਤੇ ਜਾ ਰਹੇ ਹਨ।