ਬਹਾਦਰ ਸਿੰਘ ਮਰਦਾਂਪੁਰ
ਘਨੌਰ, 25 ਅਪਰੈਲ
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਵਿਭਾਗ ਦੀ ਘਨੌਰ ਸਬ ਡਿਵੀਜ਼ਨ ਦੇ ਪਿੰਡਾਂ ਵਿੱਚ ਲੋਕਾਂ ਨੂੰ ਫਲੋਰਾਈਡ ਮੁਕਤ ਪੀਣ ਲਈ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਤਿੰਨ ਦਰਜਨ ਤੋਂ ਵੱਧ ਪਾਣੀ ਸੋਧਕ ਪਲਾਟਾਂ ਦੇ ਚਾਲੂ ਨਾ ਹੋਣ ਕਾਰਨ ਸਬੰਧਤ ਪਿੰਡ ਵਾਸੀਆਂ ਵਿੱਚ ਵਿਭਾਗ ਦੀ ਕਾਰਗੁਜ਼ਾਰੀ ਪ੍ਰਤੀ ਤਿੱਖਾ ਰੋਸ ਹੈ। ਜ਼ਿਕਰਯੋਗ ਹੈ ਕਿ ਤਤਕਾਲੀ ਕਾਂਗਰਸ ਸਰਕਾਰ ਦੇ ਅੰਤਿਮ ਦਿਨਾਂ ਦੌਰਾਨ ਘਨੌਰ ਖੇਤਰ ਦੇ ਉਨ੍ਹਾਂ ਤਿੰਨ ਦਰਜਨ ਤੋਂ ਵੱਧ ਪਿੰਡਾਂ ਵਿੱਚ ਜਲ ਸਪਲਾਈ ਵਿਭਾਗ ਵੱਲੋਂ ਕਰੋੜਾਂ ਰੁਪਏ ਖਰਚ ਕੇ ਫਲੋਰਾਈਡ ਮੁਕਤ ਸਮੂਹ ਪਾਣੀ ਸੁਧਾਈ ਪਲਾਂਟ ਉਸਾਰੇ ਗਏ ਸਨ। ਜਿਨ੍ਹਾਂ ਪਿੰਡਾਂ ਦੇ ਜ਼ਮੀਨ ਹੇਠਲੇ ਪਾਣੀ ਵਿੱਚ ਫਲੋਰਾਈਡ ਦੀ ਮਾਤਰਾ ਵਧੇਰੇ ਹੋਣ ਕਾਰਨ ਮਨੁੱਖੀ ਸਿਹਤ ਲਈ ਹਾਨੀਕਾਰਕ ਸਾਬਤ ਹੋ ਰਿਹਾ ਹੈ। ਸਬੰਧਤ ਪਿੰਡਾਂ ਦੇ ਲੋਕਾਂ ਵਿੱਚ ਵਿਭਾਗ ਦੀ ਢਿੱਲੀ ਕਾਰਗੁਜਾਰੀ ਕਾਰਨ ਤਿੱਖਾ ਰੋਸ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਸਰਕਾਰ ਨੇ ਕਰੋੜਾਂ ਰੁਪਏ ਖਰਚ ਕੇ ਪਲਾਂਟ ਲਗਾ ਦਿੱਤੇ ਹਨ ਤਾਂ ਚਲਾਉਣ ਵਿੱਚ ਦੇਰੀ ਕਿਉਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ੁੱਧ ਪਾਣੀ ਨਾ ਮਿਲਣ ਕਾਰਨ ਉਨ੍ਹਾਂ ਨੂੰ ਕਾਫ਼ੀ ਮਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉਨ੍ਹਾਂ ਜਲਦੀ ਪਾਣੀ ਦੀ ਸਪਲਾਈ ਚਾਲੂ ਕਰਨ ਦੀ ਮੰਗ ਕੀਤੀ।
ਜਲਦੀ ਹੀ ਪਾਣੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ: ਐੱਸਡੀਓ
ਜਲ ਸਪਲਾਈ ਵਿਭਾਗ ਦੀ ਘਨੌਰ ਸਬ ਡਿਵੀਜਨ ਦੇ ਐੱਸਡੀਓ ਵਿਨੋਦ ਕੁਮਾਰ ਉਪਲ ਨੇ ਕਿਹਾ ਕਿ ਤਿਆਰ ਹੋਏ ਸਾਰੇ ਪਲਾਂਟਾਂ ਦੇ ਪਾਣੀ ਦੀ ਜਾਂਚ ਲੈਬੋਰਟਰੀ ਤੋਂ ਕਰਵਾਈ ਜਾ ਚੁੱਕੀ ਹੈ। ਰਿਪੋਰਟ ਮੁਤਾਬਕ ਪਲਾਂਟ ਠੀਕ ਕੰਮ ਕਰ ਰਹੇ ਹਨ। ਹੁਣ ਜਲਦੀ ਹੀ ਸਬੰਧਤ ਪਿੰਡਾਂ ਦੇ ਲੋਕਾਂ ਨੂੰ ਕਾਰਡ ਜਾਰੀ ਕਰਕੇ ਪਾਣੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ।