ਖੇਤਰੀ ਪ੍ਰਤੀਨਿਧ
ਪਟਿਆਲਾ, 10 ਅਗਸਤ
ਭਾਰਤ ਛੱਡੋ ਅੰਦੋਲਨ ਲਹਿਰ ’ਚ ਹਿੱਸਾ ਪਾਉਂਦਿਆਂ ਸਨੌਰੀ ਅੱਡਾ ਨੇੜੇ ਸਥਿਤ ਪਿੰਡ ਵੱਡਾ ਅਰਾਈ ਮਾਜਰਾ ਦੇ 97 ਸਾਲਾ ਮੋਹਕਮ ਸਿੰਘ ਨੇ ਅੰਗਰੇਜ਼ ਹਕੂਮਤ ਦੌਰਾਨ 9 ਮਹੀਨੇ ਦੀ ਕੈਦ ਕੱਟੀ ਸੀ ਜਦਕਿ ਰਾਜਪੁਰਾ ਰੋਡ ’ਤੇ ਸਥਿਤ ਪਿੰਡ ਮੁਰਾਦਪੁਰ ਵਿਖੇ ਰਹਿੰਦੇ 91 ਸਾਲਾ ਪ੍ਰੀਤਮ ਸਿੰਘ ਨੇ ਇੱਕ ਸਾਲ ਦੀ ਕੈਦ ਕੱਟੀ ਸੀ। ਇਨ੍ਹਾਂ ਦੋਵਾਂ ਸੁਤੰਤਰਤਾ ਸੰਗਰਾਮੀਆਂ ਨੂੰ ਅਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ ਮੌਕੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਐਸ.ਡੀ.ਐਮ. ਚਰਨਜੀਤ ਸਿੰਘ ਨੇ ਉਨ੍ਹਾਂ ਦੇ ਘਰਾਂ ’ਚ ਜਾ ਕੇ ਸਨਮਾਨਤ ਕੀਤਾ।
ਮੋਹਕਮ ਸਿੰਘ ਨੇ ਕਿਹਾ ਕਿ ਉਹ ਦੇਸ਼ ਦੀ ਵੰਡ ਤੋਂ ਪਹਿਲਾਂ ਪਾਕਿਸਤਾਨ ਦੇ ਜ਼ਿਲ੍ਹਾ ਲਾਇਲਪੁਰ ਦੇ ਚੱਕ ਨੰਬਰ 120 ’ਚ ਰਹਿੰਦੇ ਸਨ, ਤਾਂ 1942 ’ਚ ਮਹਾਤਮਾ ਗਾਂਧੀ ਵੱਲੋਂ ਚਲਾਏ ਗਏ ਭਾਰਤ ਛੱਡੋ ਅੰਦੋਲਨ ’ਚ 9 ਅਗਸਤ ਨੂੰ ਉਨ੍ਹਾਂ ਨੂੰ ਅੰਗਰੇਜ਼ ਹਕੂਮਤ ਨੇ ਗ੍ਰਿਫ਼ਤਾਰ ਕਰਕੇ ਲਾਹੌਰ ਜੇਲ੍ਹ ’ਚ ਭੇਜ ਦਿੱਤਾ ਸੀ। ਉਨ੍ਹਾਂ ਦੇ ਪਿਤਾ ਜਥੇਦਾਰ ਵਰਿਆਮ ਸਿੰਘ ਵੀ 1919 ਦੇ ਮੋਰਚੇ ’ਚ ਅੰਗਰੇਜ਼ ਹਕੂਮਤ ਦੀ ਕੈਦ ਕੱਟ ਚੁੱਕੇ ਸਨ।
ਪ੍ਰੀਤਮ ਸਿੰਘ ਨੇ ਤਾਂ ਭਾਰਤ ਛੱਡੋ ਅੰਦੋਲਨ ਦੌਰਾਨ 9-10 ਸਾਲ ਦੀ ਉਮਰ ’ਚ ਹੀ ਆਪਣੇ ਪਿੰਡ ਚੱਕ 445 ਜ਼ਿਲ੍ਹਾ ਲਾਇਲਪੁਰ ਤੋਂ ਗਏ ਜਥੇ ਨਾਲ ਗ੍ਰਿਫ਼ਤਾਰੀ ਦਿੱਤੀ ਸੀ। ਇਸ ਦੌਰਾਨ ਉਨ੍ਹਾਂ ਇੱਕ ਸਾਲ ਕੈਦ ਕੱਟੀ। ਦੋਵਾਂ ਸੁਤੰਤਰਤਾ ਸੰਗਰਾਮੀਆਂ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਬਾਅਦ ਉਹ ਪੰਜਾਬ ਆ ਕੇ ਵੱਸ ਗਏ ਸਨ।
ਇਸ ਮੌਕੇ ਐਸ.ਡੀ.ਐਮ. ਨੇ ਦੋਵਾਂ ਆਜ਼ਾਦੀ ਘੁਲਾਟੀਆਂ ਨੂੰ ਸਨਮਾਨਤ ਕਰਨ ਮਗਰੋਂ ਆਖਿਆ,‘ਅਜਿਹੇ ਦੇਸ਼ ਭਗਤਾਂ ਦੀਆਂ ਮਹਾਨ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ।