ਪੱਤਰ ਪ੍ਰੇਰਕ
ਘਨੌਰ, 22 ਫਰਵਰੀ
ਯੁੂਨੀਵਰਸਿਟੀ ਕਾਲਜ ਘਨੌਰ ਦੇ ਪੰਜਾਬੀ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਲਖਵੀਰ ਸਿੰਘ ਗਿੱਲ ਅਤੇ ਪੰਜਾਬੀ ਵਿਭਾਗ ਦੀ ਮੁਖੀ ਡਾ. ਮਨਿੰਦਰ ਕੌਰ ਦੀ ਅਗਵਾਈ ਵਿੱਚ ਕੌਮੀ ਮਾਂ ਬੋਲੀ ਦਿਵਸ ਮੌਕੇ ‘ਅਜੋਕੇ ਸਮੇਂ ਵਿੱਚ ਮਾਤ ਭਾਸ਼ਾ ਦਾ ਮਹੱਤਵ’ ਵਿਸ਼ੇ ’ਤੇ ਭਾਸ਼ਣ ਕਰਵਾਇਆ ਗਿਆ। ਇਸ ਵਿੱਚ ਵਿਸ਼ੇਸ਼ ਤੌਰ ’ਤੇ ਉੱਘੇ ਭਾਸ਼ਾ ਵਿਗਿਆਨੀ ਡਾ. ਜੋਗਾ ਸਿੰਘ, ਕਵਿਤਰੀ ਸੁਖਵਿੰਦਰ ਅੰਮ੍ਰਿਤ ਨੇ ਸ਼ਿਰਕਤ ਕੀਤੀ। ਡਾ. ਜੋਗਾ ਸਿੰਘ ਸਮੇਤ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਅਜੋਕੇ ਸਮੇਂ ਦੀ ਮੁੱਖ ਲੋੜ ਮਾਤ ਭਾਸ਼ਾ ਦੇ ਮਹੱਤਵ ਨੂੰ ਪਹਿਚਾਣਨ ਦੀ ਹੈ। ਕੋਈ ਵੀ ਕੌਮ ਉਦੋਂ ਤੱਕ ਤਰੱਕੀ ਨਹੀਂ ਕਰ ਸਕਦੀ, ਜਿੰਨਾ ਚਿਰ ਉਹ ਆਪਣੀ ਮਾਤ-ਭਾਸ਼ਾ ਨੂੰ ਨਹੀਂ ਸਾਂਭਦੀ ਅਤੇ ਮਾਤ-ਭਾਸ਼ਾ ਵਿਚ ਨਵਾਂ ਗਿਆਨ ਪੈਦਾ ਨਹੀਂ ਕਰਦੀ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵਲੋਂ ਤਿਆਰ ਕੀਤੀ ਮਾਤ-ਭਾਸ਼ਾ ਨੂੰ ਸਮਰਪਿਤ ਕਵਿਤਾਵਾਂ ਦੀ ਕੰਧ-ਪਤ੍ਰਿਕਾ ਦਾ ਉਦਘਾਟਨ ਕੀਤਾ ਗਿਆ। ਕਾਲਜ ਵਿਦਿਆਰਥੀਆਂ ਦਾ ਮਾਤ-ਭਾਸ਼ਾ ਨਾਲ ਸਬੰਧਤ ਕਵਿਤਾਵਾਂ ਦਾ ਇਕ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਲਹਿਰਾਗਾਗਾ (ਪੱਤਰ ਪ੍ਰੇਰਕ): ਇਥੇ ਗੁਰੂ ਗੋਬਿੰਦ ਸਿੰਘ ਕਾਲਜ ਖੋਖਰ ਕਲਾਂ ਵਿੱਚ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਪੰਜਾਬੀ ਮਾਂ-ਬੋਲੀ ਦਿਹਾੜਾ ਮਨਾਇਆ ਗਿਆ। ਕਾਲਜ ਦੇ ਵਾਈਸ ਪ੍ਰਿੰਸੀਪਲ ਰੋਹਿਤ ਵਾਲੀਆ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਹਾੜਾ ਹਰ ਸਾਲ 21 ਫਰਵਰੀ ਨੂੰ ਭਾਸ਼ਾਈ ਤੇ ਸੱਭਿਆਚਾਰਕ ਵੰਨ-ਸੁਵੰਨਤਾ ਨੂੰ ਬਰਕਰਾਰ ਰੱਖਣ ਲਈ ਸੰਸਾਰ ਭਰ ਵਿਚ ਮਨਾਇਆ ਜਾਂਦਾ ਹੈ। ਉਨ੍ਹਾਂ ਮਾਂ-ਬੋਲੀ ਦਿਹਾੜਾ ਮਨਾਉਣ ਦੇ ਇਤਿਹਾਸ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਸਮਾਗਮ ਦੇ ਅੰਤ ਵਿਚ ਵਿਦਿਆਰਥੀਆ ਨੇ ਵੀ ਪੰਜਾਬੀ ਮਾਂ-ਬੋਲੀ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ।