ਖੇਤਰੀ ਪ੍ਰਤੀਨਿਧ
ਪਟਿਆਲਾ, 1 ਅਗਸਤ
ਪੰਜਾਬੀ ਯੂਨੀਵਰਸਿਟੀ ਵੱਲੋਂ ਵੱਡੀ ਰੱਦੋ ਬਦਲ ਕਰਦਿਆਂ ਤਿੰਨ ਨਵੇਂ ਡੀਨਜ਼ ਤਾਇਨਾਤ ਕੀਤੇ ਗਏ ਹਨ। ਇਹ ਨਵੀਂਆਂ ਤਾਇਨਾਤੀਆਂ ਡੀਨ ਅਕਾਦਮਿਕ ਮਾਮਲੇ, ਡੀਨ ਰਿਸਚਰਸ ਅਤੇ ਵਧੀਕ ਡੀਨ ਰਿਸਰਚ ਵਜੋਂ ਕੀਤੀਆਂ ਗਈਆਂ ਹਨ। ਇਨ੍ਹਾਂ ਤਿੰਨਾਂ ਅਹੁਦਿਆਂ ਲਈ ਤਾਇਨਾਤ ਕੀਤੀਆਂ ਗਈਆਂ ਸ਼ਖਸੀਅਤਾਂ ਵੱਲੋਂ ਅੱਜ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਨਵਜੋਤ ਕੌਰ ਦੀ ਮੌਜੂਦਗੀ ’ਚ ਸੰਭਾਲੇ ਗਏ ਹਨ। ਇਨ੍ਹਾਂ ਵਿੱਚੋਂ ਪ੍ਰੋ. ਅਸ਼ੋਕ ਕੁਮਾਰ ਤਿਵਾੜੀ ਨੇ ਡੀਨ (ਅਕਾਦਮਿਕ ਮਾਮਲੇ) ਦਾ ਅਹੁਦਾ ਸੰਭਾਲਿਆ ਹੈ।
ਇਸ ਅਹੁਦੇ ਲਈ ਤਾਇਨਾਤ ਕੀਤੇ ਗਏ ਅਸ਼ੋਕ ਤਿਵਾੜੀ ਪੰਜਾਬੀ ਯੂਨੀਵਰਸਿਟੀ ਦੇ ਡਰੱਗਜ਼ ਅਤੇ ਫ਼ਾਰਮਿਊਸਟੀਕਲ ਵਿਭਾਗ ਨਾਲ ਸਬੰਧਤ ਹਨ। ਇਸ ਤੋਂ ਪਹਿਲਾਂ ਡੀਨ (ਰਿਸਰਚ) ਦੇ ਅਹੁਦੇ ’ਤੇ ਵੀ ਕਾਰਜਸ਼ੀਲ ਰਹੇ ਹਨ, ਪਰ ਹੁਣ ਉਨ੍ਹਾਂ ਦੀ ਥਾਂ ਡੀਨ (ਰਿਸਰਚ) ਦਾ ਅਹੁਦਾ ਪ੍ਰੋ. ਮਨਜੀਤ ਪਾਤੜ ਨੂੰ ਦਿੱਤਾ ਗਿਆ ਹੈ, ਜਿਨ੍ਹਾਂ ਨੇ ਵੀ ਆਪਣੇ ਇਸ ਨਵੇਂ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ ਹੈ। ਇੰਜਨੀਅਰਿੰਗ ਫ਼ੈਕਲਟੀ ਦੇ ਡੀਨ ਪ੍ਰੋ. ਮਨਜੀਤ ਪਾਤੜ, ਇਸ ਤੋਂ ਪਹਿਲਾਂ ਵਧੀਕ ਡੀਨ (ਰਿਸਰਚ) ਵਜੋਂ ਕਾਰਜਸ਼ੀਲ ਸਨ, ਪਰ ਹੁਣ ਉਨ੍ਹਾਂ ਦੀ ਥਾਂ ਵਧੀਕ ਡੀਨ ( ਰਿਸਰਚ) ਵਜੋਂ ਪ੍ਰੋ. ਜਗਰੂਪ ਕੌਰ ਨੂੰ ਤਾਇਨਾਤ ਕੀਤਾ ਗਿਆ ਹੈ, ਜਿਨ੍ਹਾਂ ਨੇ ਵੀ ਆਪਣੇ ਇਸ ਨਵੇਂ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਪ੍ਰੋ.ਜਗਰੂਪ ਕੌਰ ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਅਤੇ ਸਮਾਜ ਵਿਗਿਆਨ ਫ਼ੈਕਲਟੀ ਦੇ ਡੀਨ ਰਹਿ ਚੁੱਕੇ ਹਨ। ਇਸੇ ਕੜੀ ਵਿੱਚ ਹਾਲ ਹੀ ’ਚ ਜਾਰੀ ਹੋਏ ਆਦੇਸ਼ਾਂ ਅਨੁਸਾਰ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਮੁਖੀ ਡਾ. ਭੀਮਇੰਦਰ ਸਿੰਘ ਹੁਣ ਸਰਬ ਭਾਰਤੀ ਪੰਜਾਬੀ ਕਾਨਫਰੰਸਾਂ ਦੇ ਕੋਆਰਡੀਨੇਟਰ ਵਜੋਂ ਵੀ ਸੇਵਾਵਾਂ ਨਿਭਾਉਣਗੇ। ਨਵੇਂ ਡੀਨਜ਼ ਵੱਲੋਂ ਅਹੁਦੇ ਸੰਭਾਲਣ ਮੌਕੇ ਰਜਿਸਟਰਾਰ ਡਾ. ਨਵਜੋਤ ਕੌਰ, ਵਿੱਤ ਅਫ਼ਸਰ ਡਾ. ਪ੍ਰਮੋਦ ਅਗਰਵਾਲ, ਡੀਨ ਵਿਦਿਆਰਥੀ ਭਲਾਈ ਡਾ. ਅਨੁਪਮਾ ਅਤੇ ਸਮਾਜ ਵਿਗਿਆਨ ਵਿਭਾਗ ਦੇ ਮੁਖੀ ਡਾ. ਦੀਪਕ ਕੁਮਾਰ ਸਮੇਤ ਹੋਰ ਅਧਿਕਾਰੀ ਹਾਜ਼ਰ ਰਹੇ।