ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਜੁਲਾਈ
ਮੰਗਲਵਾਰ ਨੂੰ ਇਥੇ ਹੋਈ ਮੂਹਲੇਧਾਰ ਮੀਂਹ ਪੈਣ ਮਗਰੋਂ ਜਿਥੇ ਸ਼ਾਹੀ ਸ਼ਹਿਰ ਜਲਥਲ ਹੋ ਗਿਆ, ਉਥੇ ਹੀ ਪਟਿਆਲਾ ਜ਼ਿਲ੍ਹੇ ਦੀ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਵੀ ਨੁਕਸਾਨੀ ਗਈ ਹੈ। ਭਾਵੇਂ ਸ਼ੁਰੂਆਤੀ ਦੌਰ ’ਚ ਝੋਨੇ ਦੀ ਤਿੰਨ ਹਜ਼ਾਰ ਏਕੜ ਫ਼ਸਲ ਦੇ ਪਾਣੀ ’ਚ ਡੁੱਬੀ ਹੋਣ ਦੀਆਂ ਹੀ ਰਿਪੋਰਟਾਂ ਮਿਲੀਆਂ ਸਨ। ਪਰ ਅੱਜ ਦੂਜੇ ਦਿਨ ਤੱਕ ਆਈਆਂ ਰਿਪੋਰਟਾਂ ਮੁਤਾਬਕ ਜ਼ਿਲ੍ਹੇ ਭਰ ’ਚ ਝੋਨੇ ਦੀ ਪੰਜ ਹਜ਼ਾਰ ਏਕੜ ਫ਼ਸਲ ਮੀਂਹ ਦੇ ਪਾਣੀ ’ਚ ਡੁੱਬ ਗਈ ਹੈ। ਪਰ ਸਬੱਬੋਂ ਹੀ ਹੁਣ ਕਈ ਘੰਟਿਆਂ ਤੋਂ ਬਰਸਾਤ ਰੁਕੀ ਹੋਣ ਕਾਰਨ ਖੇਤਾਂ ਵਿਚ ਭਰਿਆ ਪਾਣੀ ਉਤਰ ਰਿਹਾ ਹੈ। ਪਰ ਇਕੱਤਰ ਕੀਤੇ ਗਏ ਵੇਰਵਿਆਂ ਅਨੁਸਾਰ ਬੁੱਧਵਾਰ ਦੇਰ ਸ਼ਾਮ ਤੱਕ ਵੀ ਪਟਿਆਲਾ ਜ਼ਿਲ੍ਹੇ ਵਿਚ ਦੋ ਹਜ਼ਾਰ ਏਕੜ ਵਿਚਲਾ ਝੋਨਾ ਪਾਣੀ ਵਿੱਚ ਡੁੱਬਿਆ ਹੋਇਆ ਸੀ। ਬਿਨਾ ਸ਼ੱਕ ਇਹ ਬਰਸਾਤ ਝੋਨੇ ਦੀ ਫ਼ਸਲ ਲਈ ਲਾਭਦਾਇਕ ਹੈ। ਪਰ ਬਾਰਸ਼ ਵਧੇਰੇ ਹੋਣ ਅਤੇ ਪਟਿਆਲਾ ਜ਼ਿਲ੍ਹੇ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੇ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਝੋਨੇ ਦੀ ਫਸਲ ਪਾਣੀ ਵਿੱਚ ਡੁੱਬੀ ਹੋਈ ਹੈ। ਕਿਸਾਨ ਆਗੂ ਸੁਖਜੀਤ ਬਘੌਰਾ ਦਾ ਕਹਿਣਾ ਸੀ ਕਿ ਬਹਾਦਰਗੜ੍ਹ ਤੋਂ ਘਨੌਰ ਨੂੰ ਜਾਂਦੀ ਸੜਕ ਦੇ ਤਾਂ ਪਾਣੀ ਉਪਰੋਂ ਦੀ ਲੰਘ ਰਿਹਾ ਹੈ। ਦੌਣਕਲਾਂ ਦੇ ਕਿਸਾਨਾਂ ਨੇ ਦੱਸਿਆ ਕਿ ਦੌਣਕਲਾਂ ਦਾ 200 ਏਕੜ ਝੋਨਾ ਦੂਜੇ ਦਿਨ ਵੀ ਪਾਣੀ ’ਚ ਡੁੱਬਿਆ ਰਿਹਾ ਹੈ।
ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ): ਨੇੜਲੇ ਪਿੰਡ ਮਹਿਦੂਦਾਂ, ਘਨੌਰੀ ਖੇੜਾ ਤੇ ਮੰਜੌਲੀ ਕੋਲੋਂ ਲੰਘਦੇ ਬਘੌਰਾ-ਘਨੌਰ ਸਬ ਮਾਈਨਰ ਪੱਕੇ ਰਜਵਾਹੇ ਹੇਠੋਂ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਅੱਧੀ ਦਰਜਨ ਪਿੰਡਾਂ ਦੀ ਸੈਂਕੜੇ ਏਕੜ ਫ਼ਸਲ ਮੀਂਹ ਦੇ ਪਾਣੀ ਵਿੱਚ ਡੁੱਬ ਕੇ ਨੁਕਸਾਨੀ ਗਈ ਹੈ। ਜਿਸ ਕਾਰਨ ਸਥਾਨਕ ਕਿਸਾਨਾਂ ਵਿੱਚ ਸਰਕਾਰ ਪ੍ਰਤੀ ਤਿੱਖਾ ਰੋਸ ਹੈ। ਪਿੰਡ ਮਹਿਦੂਦਾਂ ਦੀ ਸਰਪੰਚ ਬਲਜੀਤ ਕੌਰ ਦੇ ਪਤੀ ਤੇ ਸਾਬਕਾ ਸਰਪੰਚ ਇੰਦਰਜੀਤ ਸਿੰਘ ਬਿੱਟੂ, ਹਰਪ੍ਰੀਤ ਸਿੰਘ, ਬਾਵਾ ਸਿੰਘ, ਸੁਖਵੰਤ ਸਿੰਘ, ਨਰਿੰਦਰ ਸਿੰਘ ਅਤੇ ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਨੇੜਿਓਂ ਘਨੌਰ ਸਬ ਮਾਈਨਰ ਰਜਵਾਹਾ ਲੰਘਦਾ ਹੈ, ਜੋ ਘਨੌਰ, ਮਹਿਦੂਦਾਂ, ਘਨੌਰੀ ਖੇੜਾ, ਲਾਛੜੂ ਖੁਰਦ ਅਤੇ ਮੰਜੌਲੀ ਸਮੇਤ ਹੋਰਨਾਂ ਪਿੰਡਾਂ ਵੱਲ ਜਾਂਦਾ ਹੈ। ਇਹ ਰਜਵਾਹਾ ਜ਼ਮੀਨ ਤੋਂ 5-6 ਫੁਟ ਉੱਚਾ ਤੇ ਪੱਕਾ ਹੈ। ਪਰ ਸਬੰਧਤ ਵਿਭਾਗ ਵੱਲੋਂ ਰਜਵਾਹੇ ਹੇਠਾਂ ਬਰਸਾਤੀ ਪਾਣੀ ਦੇ ਨਿਕਾਸ ਲਈ ਕੋਈ ਪੁਲੀ ਜਾਂ ਸਾਈਫਨ ਨਾ ਬਣਾਏ ਜਾਣ ਕਾਰਨ ਨੇੜਲੇ ਪਿੰਡਾਂ ਵਿੱਚ ਸੈਂਕੜੇ ਏਕੜ ਫ਼ਸਲਾਂ ਇਸ ਪਾਣੀ ਦੀ ਮਾਰ ਹੇਠ ਆ ਗਈ ਹੈ। ਸਾਬਕਾ ਸਰਪੰਚ ਬਿੱਟੂ ਤੇ ਹੋਰਨਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਸਬੰਧਤ ਅਧਿਕਾਰੀਆਂ ਕੋਲੋਂ ਉਪਰੋਕਤ ਰਜਵਾਹੇ ਹੇਠੋਂ ਬਰਸਾਤੀ ਪਾਣੀ ਦੇ ਨਿਕਾਸ ਲਈ ਪੰਜ ਸਾਈਫਨ ਉੁਸਾਰਨ ਦੀ ਮੰਗ ਕਰਦੇ ਆ ਰਹੇ ਹਨ। ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਮੰਗ ਕੀਤੀ ਕਿ ਰਜਵਾਹੇ ਵਿੱਚ ਬਰਸਾਤੀ ਪਾਣੀ ਦੇ ਨਿਕਾਸ ਲਈ ਤੁਰੰਤ ਸਾਈਫਨ ਉਸਾਰੇ ਜਾਣ ਤੇ ਨੁਕਸਾਨੀ ਗਈ ਫ਼ਸਲ ਦੀ ਵਿਸ਼ੇਸ਼ ਗਰਦਾਵਰੀ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਇਸੇ ਦੌਰਾਨ ਜਲ ਸ੍ਰੋਤ ਵਿਭਾਗ ਦੇ ਸਿੰਜਾਈ ਵਿੰਗ ਦੇ ਐੱਸਡੀਓ ਜਗਮੀਤ ਸਦਾਨਾ ਦਾ ਕਹਿਣਾ ਹੈ ਕਿ ਬੀਤੇ ਕੱਲ੍ਹ ਉਨ੍ਹਾਂ ਨੂੰ ਡਰੇਨੇਜ ਵਿਭਾਗ ਵੱਲੋਂ ਰਜਵਾਹੇ ਵਿੱਚ ਪੰਜ ਸਾਈਫਨ ਬਣਾਉਣ ਦੀ ਤਜਵੀਜ ਪ੍ਰਾਪਤ ਹੋਈ ਹੈ। ਜੋ ਮੰਨਜ਼ੂਰੀ ਲਈ ਵਿਭਾਗ ਦੇ ਐਕਸੀਅਨ ਨੂੰ ਭੇਜ ਦਿੱਤੀ ਗਈ ਹੈ। ਇਸੇ ਦੌਰਾਨ ਪਾਣੀ ਵਿੱਚ ਡੁੱਬੀ ਫ਼ਸਲ ਦਾ ਜਾਇਜ਼ਾ ਲੈਣ ਲਈ ਮੌਕੇ ’ਤੇ ਪੁੱਜੇ ਐੱਸਡੀਐੱਮ ਰਾਜਪੁਰਾ ਖੁਸ਼ਦਿਲ ਸਿੰਘ ਸੰਧੂ ਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਗਗਨਦੀਪ ਸਿੰਘ ਜੋਲੀ ਜਲਾਲਪੁਰ ਨੇ ਦੱਸਿਆ ਕਿ ਰਜਵਾਹੇ ਵਿੱਚ ਤੁਰੰਤ ਸਾਈਫਨ ਉਸਾਰਨ ਲਈ ਡੀਸੀ ਪਟਿਆਲਾ ਨੂੰ ਪੱਤਰ ਲਿਖਿਆ ਜਾਵੇਗਾ।
ਮੁਖਮੈਲਪੁਰ ਵੱਲੋਂ ਮੀਰਾਪੁਰ ਡਰੇਨ ਨੇੜਲੇ ਪਿੰਡਾਂ ਦਾ ਜਾਇਜ਼ਾ
ਰਾਜਪੁਰਾ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਹਰਪ੍ਰੀਤ ਕੌਰ ਮੁਖਮੈਲਪੁਰ ਨੇ ਮੀਰਾਪੁਰ ਡਰੇਨ ਨੇੜਲੇ ਕਰੀਬ ਇੱਕ ਦਰਜਨ ਪਿੰਡਾਂ ਵਿੱਚ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਪ੍ਰਭਾਵਿਤ ਹੋਈ ਫ਼ਸਲ ਦਾ ਜਾਇਜ਼ਾ ਲਿਆ। ਬੀਬੀ ਮੁਖਮੈਲਪੁਰ ਨੇ ਆਖਿਆ ਕਿ ਹਰ ਸਾਲ ਹੜ੍ਹਾਂ ਦੀ ਮਾਰ ਹੇਠ ਆਉਂਦੇ ਹਲਕਾ ਘਨੌਰ ਵਿੱਚ ਸਰਕਾਰ ਹੜ੍ਹ ਰੋਕੂ ਪ੍ਰਬੰਧ ਕਰਨ ਵਿੱਚ ਨਾਕਾਮ ਰਹੀ ਹੈ। ਜਿਸ ਦਾ ਖਮਿਆਜ਼ਾ ਇਲਾਕੇ ਦੇ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਹੜ੍ਹਾਂ ਦੀ ਮਾਰ ਝੱਲ ਰਹੇ ਕਿਸਾਨਾਂ ਦੀ ਸਾਰ ਲੈਣ ਦੀ ਥਾਂ ਅਗਾਂਮੀ ਵਿਧਾਨ ਸਭਾ ਚੋਣਾਂ ਲਈ ਆਪਣੀ ਟਿਕਟ ਬਚਾਉਣ ਵਿੱਚ ਲੱਗੇ ਹੋਏ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਿਹੜੇ ਕਿਸਾਨਾਂ ਦੀਆਂ ਹੜ੍ਹਾਂ ਵਿੱਚ ਫ਼ਸਲਾਂ ਨੁਕਸਾਨੀ ਗਈਆਂ ਹਨ, ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ।