ਗੁਰਨਾਮ ਸਿੰਘ ਚੌਹਾਨ
ਪਾਤੜਾਂ, 16 ਜੂਨ
ਕੋਆਪ੍ਰੇਟਿਵ ਸੁਸਾਇਟੀ ਸ਼ੁਤਰਾਣਾ ਦੇ ਕਰਮਚਾਰੀਆਂ ਦੀ ਲਾਪ੍ਰਵਾਹੀ ਕਾਰਨ ਗੁਦਾਮ ਵਿੱਚ ਖ਼ਰਾਬ ਹੋਈ ਯੂਰੀਆ ਖਾਦ ਨਵੇਂ ਥੈਲਿਆਂ ਵਿੱਚ ਭਰ ਕੇ ਧੱਕੇ ਨਾਲ ਕਿਸਾਨਾਂ ਨੂੰ ਥੋਪੇ ਜਾਣ ਦਾ ਮਾਮਲਾ ਸਾਹਮਣੇ ਆਇਆ ਜਿਸ ਜਿਸ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਹੈ ।
ਡੇਰਾ ਛੀਨਿਆਂਵਾਲਾ ਦੇ ਗੁਰਬਾਜ਼ ਸਿੰਘ ਝੱਬਰ, ਸੁਬੇਗ ਸਿੰਘ, ਕਸ਼ਮੀਰ ਸਿੰਘ, ਸੁੱਖਾ ਸਿੰਘ, ਮੇਜਰ ਸਿੰਘ ਆਦਿ ਨੇ ਕਿਹਾ ਕਿ ਕੋਆਪ੍ਰੇਟਿਵ ਸੁਸਾਇਟੀ ਸ਼ੁਤਰਾਣਾ ਰੱਬ ਆਸਰੇ ਹੀ ਚੱਲ ਰਹੀ ਹੈ। ਇਸ ਵਿੱਚ ਸੈਕਟਰੀ ਦੀ ਅਸਾਮੀ ਪਿਛਲੇ ਕਈ ਸਾਲਾਂ ਤੋਂ ਖਾਲੀ ਹੋਣ ਕਰਕੇ ਕਿਸਾਨਾਂ ਨੂੰ ਭਾਰੀ ਖੱਜਲ਼-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਸੁਸਾਇਟੀ ਕਰਮਚਾਰੀਆਂ ਵੱਲੋਂ ਖਾਤਾ ਧਾਰਕਾਂ ਨੂੰ ਜੰਮੀ ਹੋਈ ਯੂਰੀਆ ਖਾਦ ਦੀ ਕੁਟਾਈ ਕਰਕੇ 45 ਕਿਲੋ ਦੀ ਥਾਂ 50 ਕਿਲੋ ਦੀ ਭਰਤੀ ਕਿਸਾਨਾਂ ਨੂੰ ਧੱਕੇ ਨਾਲ ਥੋਪ ਕੇ ਉਨ੍ਹਾਂ ਦਾ ਵਿੱਤੀ ਨੁਕਸਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਕਣਕ ਦੀ ਬਿਜਾਈ ਤੋਂ ਬਾਅਦ ਸੁਸਾਇਟੀ ਦੇ ਕਰਮਚਾਰੀ ਖਾਦ ਆਪਣੇ ਜਾਣਕਾਰਾਂ ਤੇ ਚਹੇਤਿਆਂ ਨੂੰ ਦੇ ਕੇ ਉਨ੍ਹਾਂ ਦੀ ਲੋੜ ਪੂਰੀ ਕਰਦੇ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਹੈ ਕਿ ਸੁਸਾਇਟੀ ਕਰਮਚਾਰੀ ਨਿਜੀ ਤੌਰ ‘ਤੇ ਬਿਨਾਂ ਕਿਸੇ ਮਾਪਦੰਡ ਅਤੇ ਗ਼ੈਰ ਜ਼ਿੰਮੇਵਾਰੀ ਨਾਲ ਕੰਮ ਕਰਕੇ ਕਿਸਾਨਾਂ ਨੂੰ ਵਿੱਤੀ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਕਤ ਸੁਸਾਇਟੀ ਦੇ ਰਿਕਾਰਡ ਅਤੇ ਗੁਦਾਮ ਦੀ ਉੱਚ ਪੱਧਰੀ ਜਾਂਚ ਕਰਕੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਕੋਆਪ੍ਰੇਟਿਵ ਸੁਸਾਇਟੀ ਸ਼ੁਤਰਾਣਾ ਦੇ ਪ੍ਰਧਾਨ ਸਤਨਾਮ ਸਿੰਘ ਸ਼ੁਤਰਾਣਾ ਨੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਸੁਸਾਇਟੀ ਵਿਚ ਸੌ ਕੁ ਥੈਲਾ ਪਰਾਣੀ ਖਾਦ ਪਈ ਸੀ ਜਿਸ ਨੂੰ ਠੀਕ ਕਰਕੇ ਕਮੇਟੀ ਮੈਂਬਰਾਂ ਦੀ ਰਜ਼ਾਮੰਦੀ ਨਾਲ ਗਾਹਕਾਂ ਨੂੰ ਇੱਕ ਇੱਕ ਥੈਲਾ ਦਿੱਤਾ ਗਿਆ ਹੈ ਹੁਣ ਕੋਈ ਪੁਰਾਣੀ ਖਾਦ ਨਹੀਂ ਦਿੱਤੀ ਜਾ ਰਹੀ। ਕੁਝ ਲੋਕ ਜਾਣ ਬੁੱਝ ਕੇ ਸੁਸਾਇਟੀ ਨੂੰ ਬਦਨਾਮ ਕਰ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਕਿਸੇ ਮੁਲਾਜ਼ਮ ਵੱਲੋਂ ਕੋਈ ਨਵੀਂ ਭਰਤੀ ਨਹੀਂ ਕੀਤੀ ਗਈ।
ਡੀਆਰ ਦੀ ਪੜਤਾਲ ਮਗਰੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ: ਅਧਿਕਾਰੀ
ਸਹਿਕਾਰੀ ਵਿਭਾਗ ਦੇ ਜੇ.ਆਰ. ਕੁਲਦੀਪ ਕੁਮਾਰ ਦੇ ਕਿਹਾ ਹੈ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਪਰ ਉਹ ਡੀ ਆਰ ਰਾਹੀਂ ਇਸ ਦੀ ਪੜਤਾਲ ਕਰਵਾਉਣ ਮਗਰੋਂ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਅਮਲ ਵਿੱਚ ਲਿਆਉਣਗੇ। ਉਨ੍ਹਾਂ ਕਿਹਾ ਹੈ ਕਿ ਕਿਸਾਨਾਂ ਨਾਲ ਹੋਈ ਕਿਸੇ ਵੀ ਵਧੀਕੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਉਂਕਿ ਕਿਸਾਨੀ ਪਹਿਲਾਂ ਤੋਂ ਹੀ ਵਿੱਤੀ ਘਾਟੇ ਦੀ ਮਾਰ ਝੱਲ ਰਹੀ ਹੈ।