ਗੁਰਨਾਮ ਸਿੰਘ ਅਕੀਦਾ
ਪਟਿਆਲਾ, 16 ਨਵੰਬਰ
ਦਫ਼ਤਰ ਵਣ ਰੇਂਜ ਅਫ਼ਸਰ ਪਟਿਆਲਾ ਅੱਗੇ ਮਹਿਲਾਵਾਂ ਵੱਲੋਂ ਚੱਲ ਰਿਹਾ ਪੱਕਾ ਮੋਰਚਾ 28ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ ਹੈ। ਸੰਘਰਸ਼ਕਾਰੀ ਬੀਬੀਆਂ ਦਾ ਦੋਸ਼ ਹੈ ਕਿ ਅਜੇ ਤੱਕ ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਬੀਬੀਆਂ ਦੀ ਸਾਰ ਨਹੀਂ ਲਈ। ਬੀਬੀਆਂ ਨੇ ਜੰਗਲਾਤ ਅਧਿਕਾਰੀਆਂ ਦਾ ਪਿੱਟ ਸਿਆਪਾ ਕਰਦੇ ਹੋਏ ਕਾਲੀ ਦੀਵਾਲੀ ਮਨਾਈ।
ਲਗਾਤਾਰ 28 ਦਿਨਾਂ ਤੋਂ ਰੋਸ ਧਰਨੇ ਵਿੱਚ ਬੈਠੀਆਂ ਬਲਜੀਤ ਕੌਰ, ਦੁਰਗਾ ਵੱਤੀ, ਹਰਜੀਤ ਕੌਰ, ਸੱਤਿਆ, ਸੁਖਵਿੰਦਰ ਕੌਰ, ਰੇਖਾ ਨੇ ਦੋਸ਼ ਲਾਇਆ ਕਿ ਬਹਾਲੀ ਨੂੰ ਲੈ ਕੇ ਸਰਕਾਰ ਤੇ ਜੰਗਲਾਤ ਮੈਨੇਜਮੈਂਟ ਦਾ ਲਗਾਤਾਰ ਪਿੱਟ ਸਿਆਪਾ ਕਰ ਰਹੀਆਂ ਹਾਂ ਪਰ ਰੇਂਜ ਅਧਿਕਾਰੀਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਿਰ ’ਤੇ ਜੂੰ ਤੱਕ ਨਹੀਂ ਸਰਕੀ। ਧਰਨੇ ’ਤੇ ਬੈਠੇ ਵਰਕਰਾਂ ਵਿੱਚੋਂ ਦੋ ਬੀਬੀਆਂ ਤਾਂ ਬਿਮਾਰ ਚੱਲ ਰਹੀਆਂ ਸਨ। ਉਨ੍ਹਾਂ ਕਿਹਾ ਅਗਰ ਕੋਈ ਅਣਸੁਖਾਵੀਂ ਘਟਨਾ ਵਾਪਰ ਗਈ ਤਾਂ ਰੇਂਜ ਅਫ਼ਸਰ ਖ਼ੁਦ ਜ਼ਿੰਮੇਵਾਰ ਹੋਵੇਗਾ। ਇਸ ਮੌਕੇ ਤੇ ਅੱਜ ਜ਼ਿਲ੍ਹਾ ਪ੍ਰਧਾਨ ਵੀਰਪਾਲ ਸਿੰਘ ਲੂੰਬਾ ਅਤੇ ਜ਼ੋਨ ਸਰਕਲ ਪ੍ਰਧਾਨ ਬਲਵੀਰ ਸਿੰਘ ਮੰਡੌਲੀ ਨੇ ਦੱਸਿਆ ਕਿ ਦੀਵਾਲੀ ਦਾ ਤਿਉਹਾਰ ਸੰਘਰਸ਼ਕਾਰੀਆਂ ਨੇ ਕਾਲਾ ਹੀ ਮਨਾਇਆ ਤੇ ਜੰਗਲਾਤ ਅਧਿਕਾਰੀਆਂ ਦਾ ਪਿੱਟ ਸਿਆਪਾ ਕੀਤਾ।
ਦੋਸ਼ ਹੈ ਕਿ ਸੀਨੀਅਰ ਵਰਕਰਾਂ ਨੂੰ ਛੱਡ ਕੇ ਜੂਨੀਅਰ ਵਰਕਰਾਂ ਤੋਂ ਵਿਭਾਗੀ ਨਰੇਗਾ ਕੰਮ ਕਾਮਿਆਂ ਤੋਂ ਲਿਆ ਜਾ ਰਿਹਾ ਹੈ। ਹੁਣ ਡੀ.ਐੱਫ਼.ਓ. ਪਟਿਆਲਾ ਦੇ ਦਫ਼ਤਰ ਅੱਗੇ ਮੰਡਲ ਦੇ ਸਮੂਹ ਵਰਕਰਾਂ ਵੱਲੋਂ ਰੋਸ ਰੈਲੀ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ। ਇਸ ਰੋਸ ਮਾਰਚ ਤੇ ਰੈਲੀ ਦੀ ਸਮੁੱਚੀ ਜ਼ਿੰਮੇਵਾਰੀ ਡੀ.ਐੱਫ਼.ਓ. ਦੀ ਹੋਵੇਗੀ। ਇਸ ਮੌਕੇ ਹਰਦੀਪ ਸਿੰਘ ਸੌਜਾ, ਜੀਤ ਖਾਂ ਪਟਿਆਲਾ ਆਦਿ ਹਾਜ਼ਰ ਸਨ।
ਪਿੰਡ ਲੰਗ ਵਿੱਚ ਬੀਬੀਆਂ ਲਈ ਕੰਮ ਨਹੀਂ: ਰੇਂਜ ਅਫ਼ਸਰ
ਰੇਂਜ ਅਫ਼ਸਰ ਬਲਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ’ਤੇ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਕੋਲ ਲੰਗ ਪਿੰਡ ਵਿੱਚ ਕੋਈ ਕੰਮ ਨਹੀਂ ਹੈ, ਇਹ ਨਵੀਂਆਂ ਬੀਬੀਆਂ ਹਨ, ਜਿਸ ਕਰਕੇ ਇਨ੍ਹਾਂ ਨੂੰ ਮਸਟਰੋਲ ’ਤੇ ਨਹੀਂ ਰੱਖਿਆ ਜਾ ਸਕਦਾ। ਮੀਰਾਂਪੁਰ ਨਰਸਰੀ ਵਿੱਚ ਕੰਮ ਲਈ ਥਾਂ ਹੈ ਅਤੇ ਉੱਥੇ ਇਹ ਬੀਬੀਆਂ ਜਾ ਸਕਦੀਆਂ ਹਨ ਜਾਂ ਫਿਰ ਨਰੇਗਾ ਵਿੱਚ ਕੰਮ ਕਰ ਸਕਦੀਆਂ ਹਨ।