ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਜੂਨ
ਇੱਥੋਂ ਦੀ ਇੱਕ ਮਹਿਲਾ ਨੇ ਪ੍ਰੇਮੀ ਨਾਲ ਰਲ ਕੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪਰ ਇਹ ਚਤੁਰਾਈ ਬਹੁਤੀ ਦੇਰ ਛੁਪੀ ਨਾ ਰਹਿ ਸਕੀ। ਪੁਲੀਸ ਨੇ ਕੁਝ ਘੰਟਿਆਂ ਵਿੱਚ ਹੀ ਕਤਲ ਦਾ ਸੁਰਾਗ ਲਾਉਦਿਆਂ ਪ੍ਰੇਮੀ ਜੋੜੇ ਨੂੰ ਕਾਬੂ ਕਰ ਲਿਆ। ਇਹ ਜਾਣਕਾਰੀ ਐੱਸਪੀ (ਡੀ) ਡਾ. ਮਹਿਤਾਬ ਸਿੰਘ, ਡੀਐੱਸਪੀ (ਸਿਟੀ ਟੂ) ਮੋਹਿਤ ਅਗਰਵਾਲ ਅਤੇ ਥਾਣਾ ਅਰਬਨ ਅਸਟੇਟ ਦੇ ਮੁਖੀ ਇੰਸਪੈਕਟਰ ਜੀੱਐਸ ਸਿਕੰਦ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।
ਇੱਥੇ ਫੋਰਡ ਕੰਪਨੀ ਵਿੱਚ ਸੇਲਜ਼ਮੈਨ ਤੇ ਬਲਵੀਰ ਕਲੋਨੀ ਦਾ ਰਹਿਣ ਵਾਲਾ ਤੀਹ ਸਾਲਾ ਕਾਸਬਿ ਮੁਹੰਮਦ ਗਿਆਰਾਂ ਜੂਨ ਨੂੰ ਆਲਟੋ ਕਾਰ ਰਾਹੀਂ ਦੋਸਤ ਦੀ ਪਾਰਟੀ ਵਿੱਚ ਗਿਆ ਸੀ ਪਰ ਵਾਪਸ ਨਾ ਪਰਤਿਆ, ਉਸ ਦੇ ਪਿਤਾ ਬਲਬੀਰ ਸਿੰਘ ਨੇ ਥਾਣਾ ਅਰਬਨ ਅਸਟੇਟ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੱਤੀ। ਦੂਜੇ ਬੰਨੇ ਥਾਣਾ ਮੁਖੀ ਜੀ.ਐੱਸ ਸਿਕੰਦ ਵੱਲੋਂ ਕੀਤੀ ਛਾਣਬੀਣ ਦੌਰਾਨ ਖੂਨ ਨਾਲ ਲੱਥਪੱਥ ਕਾਰ ਅਰਬਨ ਅਸਟੇਟ ਕੋਲੋਂ ਬਰਾਮਦ ਹੋ ਗਈ। ਇਸ ਮਗਰੋਂ ਡੀ.ਐੱਸ.ਪੀ ਸਿਟੀ 2 ਮੋਹਿਤ ਅਗਰਵਾਲ ਦੀ ਅਗਵਾਈ ਹੇਠ ਪੁਲੀਸ ਨੇ ਹੋਰ ਛਾਣਬੀਣ ਕੀਤੀ, ਤਾਂ ਮਾਮਲਾ ਸਾਫ ਹੋ ਗਿਆ। ਅਸਲ ’ਚ ਕਾਸਬਿ ਦੀ ਹੱਤਿਆ, ਪਤਨੀ ਰਜ਼ੀਆ ਬੇਗ਼ਮ ਉਰਫ਼ ਸੋਨੀਆ ਵੱਲੋਂ ਆਪਣੇ ਪ੍ਰੇਮੀ ਸੁਖਦੀਪ ਸਿੰਘ ਦੀਪ ਵਾਸੀ ਨੂਰ ਖੇੜੀਆਂ ਨਾਲ ਮਿਲ ਕੇ ਕੀਤੀ ਗਈ ਸੀ। ਲਾਸ਼ ਨੂਰਖੇੜੀਆਂ ਕੋਲ ਟੋਆ ਪੁੱਟ ਕੇ ਦੱਬ ਦਿੱਤੀ ਗਈ। ਜਾਂਚ ਦੌਰਾਨ ਪਤਨੀ ਦੇ ਹਾਵ-ਭਾਵ ਵੀ ਸ਼ੱਕੀ ਜਾਪੇ, ਤਾਂ ਪੁਲੀਸ ਦਾ ਪਤਨੀ ’ਤੇ ਸ਼ੱਕ ਵਧ ਗਿਆ।
ਪੁਲੀਸ ਨੇ ਪਹਿਲਾਂ ਘਰ ਵਿੱਚ ਹੀ ਪਤਨੀ ਤੋਂ ਪੁੱਛਗਿੱਛ ਕੀਤੀ, ਤਾਂ ਉਸ ਨੇ ਜਲਦੀ ਹੀ ਸਾਰਾ ਰਾਜ਼ ਖੋਲ੍ਹ ਦਿੱਤਾ। ਥਾਣੇ ਜਾਣ ਤੋਂ ਪਹਿਲਾਂ ਹੀ ਮੰਨ ਗਈ ਕਿ ਇਹ ਹੱਤਿਆ ਉਸ ਦੇ ਪ੍ਰੇਮੀ ਸੁਖਦੀਪ ਸਿੰਘ ਵੱਲੋਂ ਕੀਤੀ ਗਈ ਹੈ। ਕਤਲ ਮਗਰੋਂ ਉਨ੍ਹਾਂ ਨੇ ਲਾਸ਼ ਨੂਰਖੇੜੀਆਂ ਦੇ ਨੇੜੇ ਟੋਆ ਪੁੱਟ ਕੇ ਦੱਬ ਦਿੱਤੀ ਸੀ।
ਪੁਲੀਸ ਨੇ ਜ਼ਿਲ੍ਹਾ ਮੈਜਿਸਟ੍ਰੇਟ ਦੀ ਮੌਜੂਦਗੀ ਵਿੱਚ ਇਹ ਲਾਸ਼ ਕਢਵਾ ਕੇ ਪੋਸਟ ਮਾਰਟਮ ਲਈ ਹਸਪਤਾਲ ਪਹੁੰਚਾ ਦਿੱਤੀ ਜਦਕਿ ਰਜ਼ੀਆ ਬੇਗਮ ਅਤੇ ਸੁਖਦੀਪ ਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉੱਧਰ ਦਰਜ ਕੀਤਾ ਅਗਵਾ ਦਾ ਪਰਚਾ ਕਤਲ ਦੀ ਧਾਰਾ 302 ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।